ਬੀਬੀਐਨ ਨੈਟਵਰਕ ਪੰਜਾਬ, ਤਰਨਤਾਰਨ ਬਿਊਰੋ, 1 ਮਈ
ਫਿਰੌਤੀ ਦੀ ਮੰਗ ਨੂੰ ਲੈ ਕੇ ਪੰਡੋਰੀ ਗੋਲਾ ਮਾਰਗ ’ਤੇ ਸੁਨਿਆਰੇ ਦੀ ਦੁਕਾਨ ’ਤੇ ਅਣਪਛਾਤੇ ਲੋਕਾਂ ਵੱਲੋਂ ਗੋਲੀਆਂ ਚਲਾਉਣ ਦੇ ਕੇਸ ਨੂੰ ਪੁਲਿਸ ਨੇ ਹੱਲ ਕਰਦਿਆਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ ਜਦੋਂਕਿ ਉਕਤ ਮਾਮਲੇ ’ਚ ਦੋ ਹੋਰ ਅਪਰਾਧੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ ਜਿਨ੍ਹਾਂ ਦੇ ਕਹਿਣ ’ਤੇ ਉਕਤ ਸ਼ੂਟਰਾਂ ਨੇ ਫਿਰੌਤੀ ਲਈ 14 ਮਾਰਚ ਨੂੰ ਗੋਲੀ ਚਲਾਈ ਸੀ।ਐੱਸਐੱਸਪੀ ਅਸ਼ਵਨੀ ਕਪੂਰ ਨੇ ਪ੍ਰੈੱਸ ਵਾਰਤਾ ਦੌਰਾਨ ਦੱਸਿਆ ਕਿ ਪਿੰਡ ਪੰਡੋਰੀ ਗੋਲਾ ਵਿਚ ਗਹਿਣਿਆਂ ਦੀ ਦੁਕਾਨ ’ਤੇ ਗੋਲੀ ਚਲਾ ਕੇ ਫਿਰੌਤੀ ਮੰਗਣ ਦੀ ਘਟਨਾ 14 ਮਾਰਚ ਨੂੰ ਵਾਪਰੀ ਸੀ। ਦੁਕਾਨਦਾਰ ਜਸਬੀਰ ਸਿੰਘ ਸੋਨਾ ਨੇ ਦੱਸਿਆ ਕਿ ਦੋ ਨਕਾਬਪੋਸ਼ ਮੋਟਰਸਾਈਕਲ ’ਤੇ ਉਸ ਦੀ ਦੁਕਾਨ ਅੱਗੇ ਆਏ ਅਤੇ ਮੋਟਰਸਾਈਕਲ ਖੜ੍ਹਾ ਕਰ ਕੇ ਉਸ ਉੱਪਰ ਫਾਇਰਿੰਗ ਕਰ ਦਿੱਤੀ। ਹਾਲਾਂਕਿ ਉਹ ਤੁਰੰਤ ਕੁਰਸੀ ਤੋਂ ਉੱਠ ਕੇ ਜ਼ਮੀਨ ’ਤੇ ਬੈਠ ਗਿਆ ਤੇ ਗੋਲੀਆਂ ਸ਼ੀਸ਼ੇ ਨੂੰ ਪਾਰ ਕਰਦੀਆਂ ਹੋਈਆਂ ਕੁਰਸੀ ਦੇ ਪਿੱਛੇ ਕੰਧ ਉੱਪਰ ਜਾ ਲੱਗੀਆਂ। ਇਸ ਸਬੰਧੀ ਥਾਣਾ ਸਦਰ ਤਰਨਤਾਰਨ ਵਿਖੇ ਅਣਪਛਾਤੇ ਸ਼ੂਟਰਾਂ ਵਿਰੁੱਧ ਫਿਰੌਤੀ ਲਈ ਜਾਨਲੇਵਾ ਹਮਲਾ ਕਰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਥਾਣਾ ਮੁਖੀ ਅਮਰਿੰਦਰ ਸਿੰਘ ਨੇ ਮਾਮਲੇ ਦੀ ਤਫਤੀਸ਼ ਕਰਦਿਆਂ ਦੋ ਜਣਿਆਂ ਨਵਰਾਜ ਸਿੰਘ ਅਤੇ ਗੁਰਲਾਲ ਸਿੰਘ ਵਾਸੀ ਪਿੰਡ ਵਰਪਾਲ ਨੂੰ ਕੰਟਰੀ ਮੇਡ ਪਿਸਤੌਲ ਤੇ ਦੋ ਕਾਰਤੂਸਾਂ ਸਮੇਤ ਕਾਬੂ ਕੀਤਾ ਜਿਨ੍ਹਾਂ ਨੇ ਮੰਨਿਆ ਕਿ ਉਨ੍ਹਾਂ ਨੇ ਵਿਦੇਸ਼ ਰਹਿੰਦੇ ਗੈਂਗਸਟਰ ਸੱਤਾ ਨੌਸ਼ਹਿਰਾ ਅਤੇ ਜੈਸਲ ਚੰਬਲ ਦੇ ਕਹਿਣ ’ਤੇ ਜਸਬੀਰ ਸਿੰਘ ਦੀ ਦੁਕਾਨ ’ਤੇ ਫਾਇਰਿੰਗ ਕੀਤੀ ਸੀ ਅਤੇ ਦਸ ਲੱਖ ਦੀ ਫਿਰੌਤੀ ਵੀ ਮੰਗੀ ਸੀ। ਐੱਸਐੱਸਪੀ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁਲਿਸ ਰਿਮਾਂਡ ’ਤੇ ਲਿਆ ਜਾਵੇਗਾ ਜਿਸ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।