ਬੀਬੀਐਨ ਨੈਟਵਰਕ ਪੰਜਾਬ, ਚੰਡੀਗੜ੍ਹ ਬਿਊਰੋ, 1 ਮਈ
ਸਾਬਕਾ ਕਾਂਗਰਸੀ ਵਿਧਾਇਕ ਦਲਵੀਰ ਸਿੰਘ ਗੋਲਡੀ (Dalvir Singh Goldy) ਅੱਜ ਆਮ ਆਦਮੀ ਪਾਰਟੀ (AAP Punjab) 'ਚ ਸ਼ਾਮਲ ਹੋ ਗਏ। ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਉਨ੍ਹਾਂ ਦਾ ਦਾ ਸਵਾਗਤ ਕੀਤਾ।ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਚੰਗੇ ਲੋਕਾਂ ਦੀ ਲੋੜ ਹੈ। ਸੀਐਮ ਨੇ ਕਿਹਾ ਕਿ ਗੋਲਡੀ ਉਸ ਸਮੇਂ ਧੂਰੀ ਤੋਂ ਵਿਧਾਇਕ ਸਨ ਤੇ ਮੈਂ ਐਮਪੀ। ਉਦੋਂ ਵੀ ਮੈਂ ਉਨ੍ਹਾਂ ਕਿਹਾ ਸੀ ਕਿ ਕਦੇ ਵੀ ਸੰਕੋਚ ਨਾ ਕਰਨਾ। ਹਾਲ ਹੀ 'ਚ ਮੈਂ ਉਨ੍ਹਾਂ ਦੀਆਂ ਵੀਡੀਓ ਦੇਖੀਆਂ। ਸਾਰੀਆਂ ਪਾਰਟੀਆਂ ਨੌਜਵਾਨਾਂ ਨੂੰ ਸਰਗਰਮ ਰਾਜਨੀਤੀ 'ਚ ਸ਼ਾਮਲ ਹੋਣ ਲਈ ਕਹਿੰਦੀਆਂ ਹਨ ਪਰ ਉਨ੍ਹਾਂ ਨੂੰ ਸ਼ਾਮਲ ਹੋਣ ਨਹੀਂ ਦਿੰਦੀਆਂ। ਫਿਰ ਪਰਿਵਾਰ ਨੂੰ ਅੱਗੇ ਕਰ ਦਿੰਦੀਆਂ ਹਨ। ਦਲਵੀਰ ਗੋਲਡੀ ਨੇ ਧੂਰੀ ਤੋਂ ਭਗਵੰਤ ਮਾਨ ਖਿਲਾਫ ਚੋਣ ਲੜੀ ਸੀ ਤੇ ਸੰਗਰੂਰ ਤੋਂ ਸੰਸਦੀ ਜ਼ਿਮਨੀ ਚੋਣ ਵੀ ਲੜੀ ਸੀ। ਦਲਵੀਰ ਗੋਲਡੀ ਨੇ ਕਿਹਾ ਕਿ ਮੈਂ ਮਾਨ ਖਿਲਾਫ ਲੜਾਈ ਲੜੀ ਸੀ। ਅੱਜ ਉਨ੍ਹਾਂ ਨੇ ਮੈਨੂੰ ਆਪਣੇ ਕੋਲ ਬਿਠਾਇਆ ਹੈ। ਜਦੋਂ ਉਹ ਐੱਮਪੀ ਸਨ ਤਾਂ ਵੀ ਉਹ ਮੇਰੇ ਨਾਲ ਰਹੇ ਹਨ। ਨੌਜਵਾਨਾਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੇ ਰਾਜਨੀਤੀ 'ਚ ਕੁਝ ਕਰਨਾ ਹੈ ਤਾਂ ਉਹ ਖੁਦ ਰਾਜਨੀਤੀ 'ਚ ਆਉਣ।ਜ਼ਿਕਰਯੋਗ ਹੈ ਕਿ ਕਾਂਗਰਸ ਦੇ ਸੰਗਰੂਰ ਤੋਂ ਜ਼ਿਲ੍ਹਾ ਪ੍ਰਧਾਨ ਦਲਵੀਰ ਸਿੰਘ ਖੰਗੂੜਾ (ਗੋਲਡੀ) ਨੇ ਮੰਗਲਵਾਰ ਨੂੰ ਕਾਂਗਰਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦਿੱਤਾ ਸੀ। ਦਲਵੀਰ ਗੋਲਡੀ ਨੇ ਧੂਰੀ ਵਿਧਾਨ ਸਭਾ ਹਲਕੇ ਤੋਂ ਮੁੱਖ ਮੰਤਰੀ ਭਗਵੰਤ ਮਾਨ ਖਿ਼ਲਾਫ਼ 2022 ਦੀ ਵਿਧਾਨ ਸਭਾ ਚੋਣ ਲੜੀ ਸੀ। ਉਹ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਵਿਧਾਇਕ ਵੀ ਰਹੇ ਹਨ। ਉਨ੍ਹਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਭੇਜੇ ਪੱਤਰ ਵਿੱਚ ਲਿਖਿਆ ਕਿ ਉਹ ਕਾਂਗਰਸ ਲੀਡਰਸ਼ਿਪ ਤੋਂ ਨਿਰਾਸ਼ ਹੋ ਕੇ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਤੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਰਹੇ ਹਨ।