ਬੀਬੀਐਨ ਨੈਟਵਰਕ ਪੰਜਾਬ, ਲੁਧਿਆਣਾ ਬਿਊਰੋ, 01 ਮਈ
ਚੰਦ ਪੈਸਿਆਂ ਲਈ ਪੇਸ਼ੇ ਦੇ ਕਾਇਦੇ ਕਾਨੂੰਨ ਛਿੱਕੇ ਢੰਗ ਕੇ ਫਰਜ਼ੀ ਮੈਡੀਕਲ ਬਣਾਉਣ ਵਾਲਿਆਂ ਡਾਕਟਰ ਖਿਲਾਫ ਥਾਣਾ ਮਾਡਲ ਟਾਊਨ ਪੁਲਿਸ ਵੱਲੋਂ ਧੋਖਾਦੇਹੀ ਸਣੇ ਹੋਰ ਸੰਗੀਨ ਦੋਸ਼ਾਂ ਤਹਿਤ ਪਰਚਾ ਦਰਜ ਕੀਤਾ ਗਿਆ। ਥਾਣਾ ਮਾਡਲ ਟਾਊਨ ਨੂੰ ਪੁਲਿਸ ਨੇ ਇਹ ਮਾਮਲਾ ਪਿੰਡ ਹਵਾਸ ਦੇ ਰਹਿਣ ਵਾਲੇ ਗੁਰਜੀਤ ਸਿੰਘ ਦੇ ਬਿਆਨ ਉੱਪਰ ਕੁਨਾਲ ਪਾਲ ਹਸਪਤਾਲ ਦੇ ਮਾਲਕ ਰਜਿੰਦਰ ਮਨੀ ਖਿਲਾਫ ਦਰਜ ਕੀਤਾ ਹੈ।ਪਿੰਡ ਹਵਾਸ ਦੇ ਰਹਿਣ ਵਾਲੇ ਗੁਰਜੀਤ ਸਿੰਘ ਮੁਤਾਬਕ ਉਸ ਦਾ ਬਿਹਾਰ ਦੀ ਕਿਸੇ ਅਦਾਲਤ 'ਚ ਮਾਮਲਾ ਵਿਚਾਰ ਅਧੀਨ ਚੱਲ ਰਿਹਾ ਹੈ। ਬੀਤੇ ਵਰ੍ਹੇ ਉਸ ਦੀ ਉਕਤ ਅਦਾਲਤੀ ਮਾਮਲੇ 'ਚ ਬਿਹਾਰ ਅਦਾਲਤ ਅੰਦਰ ਤਰੀਕ ਸੀ ਪਰ ਕਿਸੇ ਵਜ੍ਹਾ ਕਾਰਨ ਉਹ ਜਾਣ 'ਚ ਸਮਰੱਥ ਨਹੀਂ ਸੀ। ਇਸ ਦੌਰਾਨ ਉਸ ਦੀ ਮੁਲਾਕਾਤ ਸਥਾਨਕ ਮਾਡਲ ਟਾਊਨ ਐਕਸਟੈਂਸ਼ਨ ਨਿਊ ਕਰਤਾਰ ਨਗਰ 'ਚ ਕੁਨਾਲ ਪਾਲ ਹਸਪਤਾਲ ਦੇ ਮਾਲਕ ਰਜਿੰਦਰ ਮਣੀ ਨਾਲ ਹੋਈ। ਡਾਕਟਰ ਨੇ ਮੁਲਜ਼ਮ ਨੂੰ ਅਦਾਲਤ ਦੀ ਪੇਸ਼ੀ ਤੋਂ ਛੋਟ ਲਈ ਫਰਜ਼ੀ ਮੈਡੀਕਲ ਤਿਆਰ ਕਰ ਕੇ ਦਿੱਤਾ ਤੇ ਆਪਣੀ ਡਿਗਰੀ ਦੀ ਦੁਰਵਰਤੋਂ ਕਰ ਕੇ ਫਰਜ਼ੀ ਦਸਤਾਵੇਜ਼ ਬਦਲੇ ਦਸ ਹਜ਼ਾਰ ਰੁਪਏ ਵਸੂਲੇ। ਸ਼ਿਕਾਇਤਕਰਤਾ ਮੁਤਾਬਕ ਉਕਤ ਮੁਲਜ਼ਮ ਡਾਕਟਰ ਅਜਿਹੇ ਫਰਜ਼ੀ ਸਰਟੀਫਿਕੇਟ ਵੀਹ ਤੋਂ 25 ਹਜ਼ਾਰ 'ਚ ਤਿਆਰ ਕਰਦਾ ਹੈ। ਉਕਤ ਮਾਮਲੇ ਦੀ ਜਾਣਕਾਰੀ ਮਿਲਣ ਮਗਰੋਂ ਪੁਲਿਸ ਨੇ ਮੁਲਜ਼ਮ ਡਾਕਟਰ ਖਿਲਾਫ ਪਰਚਾ ਦਰਜ ਕਰਕੇ ਅਗ਼ਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ।