ਬੀਬੀਐਨ ਨੈਟਵਰਕ ਪੰਜਾਬ, ਬਠਿੰਡਾ ਬਿਊਰੋ, 01 ਮਈ
ਖੇਤ ਵਿਚ ਕਣਕ ਵੱਢਣ ਉਪਰੰਤ ਬਚੀ ਹੋਈ ਰਹਿੰਦ-ਖੂਹੰਦ ਨੂੰ ਮਚਾਉਣ ਲਈ ਅੱਗ ਲਗਾਉਣ ਤੋਂ ਰੋਕਣ ਦੀ ਰੰਜਿਸ਼ ਦੇ ਚੱਲਦਿਆਂ ਕੁਝ ਵਿਅਕਤੀਆਂ ਨੇ ਹਮਲਾ ਕਰ ਕੇ ਇਕ 60 ਸਾਲਾ ਬਜ਼ੁਰਗ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਦਿਆਂ ਦੋਵੇਂ ਬਾਹਾਂ ਤੋੜ ਦਿੱਤੀਆਂ। ਹਸਪਤਾਲ ’ਚ ਜ਼ੇਰੇ ਇਲਾਜ਼ ਪੀੜਤ ਬਲਜਿੰਦਰ ਸਿੰਘ ਵਾਸੀ ਬਦਿਆਲਾ ਨੇ ਪੁਲਿਸ ਨੂੰ ਦੱਸਿਆ ਕਿ 26 ਅਪ੍ਰੈਲ ਸ਼ਾਮ ਕਰੀਬ 7 ਵਜੇ ਨੇੜਲੇ ਪਿੰਡ ਬੱਲੋਂ ਦੇ ਇਕ ਕਿਸਾਨ ਨੇ ਖੇਤ ਵਿਚ ਕਣਕ ਵੱਢਣ ਉਪਰੰਤ ਬਚੀ ਹੋਈ ਰਹਿੰਦ-ਖੂਹੰਦ ਨੂੰ ਅੱਗ ਲਾ ਦਿੱਤੀ। ਅੱਗ ਕਾਰਨ ਹੋਰ ਖੇਤਾਂ ਵਿਚ ਫਸਲ ਸਮੇਤ ਤੂੜੀ ਆਦਿ ਦਾ ਨੁਕਸਾਨ ਨਾ ਹੋਵੇ ਇਸ ਲਈ ਪਿੰਡ ਵਾਸੀਆਂ ਸਮੇਤ ਉਹ ਉਕਤ ਕਿਸਾਨ ਨੂੰ ਸਮਝਾਉਣ ਗਿਆ ਤੇ ਇਸ ਦੀ ਸ਼ਿਕਾਇਤ ਚੌਂਕੀ ਚੋਕੇ ਵਿਖੇ ਕੀਤੀ। ਰਾਤ ਵੇਲੇ ਕਣਕ ਦੀ ਰਾਖੀ ਲਈ ਉਹ ਅਨਾਜ ਮੰਡੀ ਬਦਿਆਲਾ ਵਿਖੇ ਆ ਕੇ ਸੌਂ ਗਿਆ। ਰਾਤ ਕਰੀਬ 9 ਵਜੇ ਰੰਜਿਸ ਦੇ ਚੱਲਦਿਆਂ ਮਾਮਲੇ ਵਿਚ ਸ਼ਾਮਿਲ ਕਥਿਤ ਦੋਸ਼ੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ’ਤੇ ਡਾਂਗਾਂ ਨਾਲ ਹਮਲਾ ਕਰ ਦਿੱਤਾ ਤੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਮਰਿਆ ਹੋਇਆ ਸਮਝ ਕੇ ਛੱਡ ਗਏ। ਉਸ ਨੂੰ ਭਤੀਜੇ ਨੇ ਸਿਵਲ ਹਸਪਤਾਲ ਰਾਮਪੁਰਾ ਵਿਖੇ ਦਾਖਿਲ ਕਰਵਾਇਆ। ਪੀੜਤ ਨੇ ਕਿਹਾ ਕਿ ਉਕਤ ਵਿਅਕਤੀ ਧਮਕੀਆਂ ਦੇ ਰਹੇ ਹਨ ਕਿ ਉਹ ਪੁਲਿਸ ਤੋਂ ਆਪਣੀ ਸ਼ਿਕਾਇਤ ਵਾਪਸ ਲੈ ਲਵੇ ਨਹੀਂ ਤਾਂ ਨਤੀਜੇ ਭੁਗਤਣ ਲਈ ਤਿਆਰ ਰਹੇ। ਬਲਵਿੰਦਰ ਸਿੰਘ ਨੇ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਕਥਿਤ ਦੋਸ਼ੀਆਂ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।ਇਸ ਸਬੰਧੀ ਥਾਣਾ ਸਦਰ ਰਾਮਪੁਰਾ ਦੇ ਮੁਖੀ ਜੋਗਿੰਦਰ ਸਿੰਘ ਨੇ ਕਿਹਾ ਕਿ ਬਲਜਿੰਦਰ ਸਿੰਘ ਦੇ ਬਿਆਨ ਕਲਮਬੰਦ ਕਰ ਲਏ ਹਨ ਤੇ ਐਕਸਰੇ ਦੀਆਂ ਰਿਪੋਰਟਾਂ ਆਉਣ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।