ਸੋਨੂੰ ਉੱਪਲ, ਬੀਬੀਐਨ ਨੈੱਟਵਰਕ ਪੰਜਾਬ, 01 ਮਈ
ਬਰਨਾਲਾ 1 ਮਈ ਟੈਕਨੀਕਲ ਸਰਵਸਿਜ਼ ਯੂਨੀਅਨ ਰਜਿ ਸਰਕਲ ਬਰਨਾਲਾ ਵੱਲੋਂ ਮਈ ਦਿਵਸ ਦੇ ਮਹਾਨ ਸ਼ਹੀਦਾਂ ਨੂੰ ਪੂਰੇ ਸਰਕਲ ਅੰਦਰ ਬਿਜਲੀ ਘਰਾਂ ਦੇ ਗੇਟਾਂ ਅੱਗੇ ਸੂਹੇ ਲਾਲ ਪਰਚਮ ਲਹਿਰਾਉਣ ਉਪਰੰਤ ਰੈਲੀਆਂ ਕੀਤੀਆਂ ਗਈਆਂ। ਇਨ੍ਹਾਂ ਰੈਲੀਆਂ ਨੂੰ ਸੰਬੋਧਨ ਕਰਦਿਆਂ ਟੈਕਨੀਕਲ ਸਰਵਸਿਜ਼ ਯੂਨੀਅਨ ਰਜਿ ਸਰਕਲ ਬਰਨਾਲਾ ਦੇ ਪ੍ਰਧਾਨ ਸਾਥੀ ਦਰਸ਼ਨ ਸਿੰਘ ਦਸੌਂਦਾ ਸਿੰਘ ਵਾਲਾ, ਸਰਕਲ ਸਕੱਤਰ ਕੁਲਵੀਰ ਸਿੰਘ ਠੀਕਰੀਵਾਲਾ ਹਰਬੰਸ ਸਿੰਘ ਮਾਣਕੀ, ਹਾਕਮ ਸਿੰਘ ਨੂਰ, ਰੁਲਦੂ ਸਿੰਘ ਗੁੰਮਟੀ, ਭੋਲਾ ਸਿੰਘ ਗੁੰਮਟੀ ,ਬਲਵੰਤ ਸਿੰਘ ਬਰਨਾਲਾ ਨੇ ਮਈ ਦਿਵਸ ਦੇ ਮਹੱਤਤਾ ਦੇ ਇਤਿਹਾਸਕ ਪ੍ਰਸੰਗ ਤੋਂ ਜਾਣੂ ਕਰਵਾਉਂਦਿਆਂ ਕਿਹਾ ਮਈ ਦਿਵਸ ਦੀ ਮਹੱਤਤਾ/ਸੰਘਰਸ਼ ਨੂੰ 8 ਘੰਟੇ ਤੱਕ ਸੀਮਤ ਕਰਕੇ ਵੇਖਣਾ ਠੀਕ ਨਹੀਂ ਹੈ। ਅਜਿਹਾ ਕਰਨਾ ਇਸ ਦੀ ਸਿਆਸੀ ਮਹੱਤਤਾ ਨੂੰ ਘਟਾਕੇ ਵੇਖਣਾ ਹੋਵੇਗਾ। ਇਸ ਦਿਨ ਦੀ ਅਸਲ ਮਹੱਤਤਾ 1 ਮਈ 1886 ਤੋਂ ਵੀ ਵੇਖਣਾ ਤਰਕਸੰਗਤ ਨਹੀਂ ਹੈ, ਕਿਉਂਕਿ ਇਸ ਤੋਂ ਪਹਿਲਾਂ ਇਤਿਹਾਸਕ ਵਿੱਚ ਮਜਦੂਰਾਂ ਵੱਲੋਂ ਦੁਨੀਆਂ ਭਰ ਦੇ ਮੁਲਕਾਂ ਵਿੱਚ ਉੱਨੀਵੀਂ ਸਦੀ ਦੇ ਸ਼ੁਰੂ ਤੋਂ ਹੀ ਸਰਮਾਏਦਾਰੀ ਦੀ ਉਠਾਣ ਨਾਲ ਮਜਦੂਰ ਜਮਾਤ ਦੇ ਹੋਂਦ ਵਿੱਚ ਆਉਣ ਸਮੇਂ ਤੋਂ ਵੱਡੇ ਸੰਘਰਸ਼ ਲੜੇ ਗਏ। ਅੱਜ ਦੇ ਦੌਰ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਮਜਦੂਰ ਜਮਾਤ ਨੂੰ ਮਈ ਦਿਵਸ ਦੀ ਸ਼ਹੀਦਾਂ ਤੋਂ ਪ੍ਰੇਰਨਾ ਹਾਸਲ ਕਰਦਿਆਂ ਨਵੀਆਂ ਚੁਣੌਤੀਆਂ ਸੰਗ ਭਿੜਦਿਆਂ ਸੰਘਰਸ਼ ਨੂੰ ਹੋਰ ਤੇਜ ਕਰਨ ਦਾ ਦਿਨ ਹੈ। ਆਗੂਆਂ ਨੇ ਮਈ ਦਿਵਸ ਦੇ ਸ਼ਹੀਦਾਂ ਬਾਰੇ ਗੱਲਬਾਤ ਜਾਰੀ ਰੱਖਦਿਆਂ ਮਈ ਦਿਵਸ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਕਿਹਾ ਕਿ ਅੱਜ ਭਾਵੇਂ ਕੋਈ ਵੀ ਤਬਕਾ ਕਿਸਾਨ ਹੋਣ ਮਜਦੂਰ ਹੋਣ ਜਿਸ ਦੀ ਲੁਟੇਰੀ ਜਮਾਤ ਕਿਰਤ ਦੀ ਲੁੱਟ ਕਰਦੀ ਹੋਵੇ, ਲਈ ਪ੍ਰੇਰਨਾ ਸਰੋਤ ਹੈ। ਅੱਜ ਇਹ ਵੀ ਅਹਿਦ ਕਰਨ ਦਾ ਦਿਨ ਹੈ ਕਿ ਅਸੀਂ ਮਈ ਦਿਵਸ ਦੇ ਸ਼ਹੀਦਾਂ ਤੋਂ ਪ੍ਰੇਰਨਾ ਹਾਸਲ ਕਰਦਿਆਂ ਲੁੱਟ ਰਹਿਤ ਸਮਾਜ ਸਿਰਜਣ ਕਰਨ ਦੇ ਜਮਾਤੀ ਕਾਰਜ ਨੂੰ ਅੱਗੇ ਤੋਰਨਾ ਹੈ। ਇਸ ਸਮੇਂ ਰਾਜਪਤੀ, ਮੁਖਤਿਆਰ ਸਿੰਘ, ਮਨਦੀਪ ਸਿੰਘ, ਜਸਵਿੰਦਰ ਸਿੰਘ, ਪ੍ਰਗਟ ਸਿੰਘ, ਮਲਕੀਤ ਸਿੰਘ, ਜਸਕਰਨ ਸਿੰਘ, ਜਰਨੈਲ ਸਿੰਘ, ਧਨਵੰਤ ਸਿੰਘ, ਰਾਜਵਿੰਦਰ ਸਿੰਘ ਆਦਿ ਨੇ ਫਾਸ਼ੀ ਮੋਦੀ ਹਕੂਮਤ ਵੱਲੋਂ ਕਿਰਤ ਕਾਨੂੰਨਾਂ ਵਿੱਚ ਮਜਦੂਰ ਵਿਰੋਧੀ ਸੋਧਾਂ ਕਰਕੇ ਵੱਡਾ ਹੱਲਾ ਬੋਲ ਰਹੀ ਹੈ। ਬਿਜਲੀ ਬੋਰਡ ਅੰਦਰ ਵੀ ਠੇਕੇਦਾਰੀ ਪ੍ਰਬੰਧ ਅਤੇ ਆਊਟਸੋਰਸ ਦੀ ਨੀਤੀ ਲਾਗੂ ਕਰਕੇ ਕਿਰਤੀਆਂ ਦੀ ਤਿੱਖੀ ਰੱਤ ਨਿਚੋੜੀ ਜਾ ਰਹੀ ਹੈ। ਇਸ ਲਈ ਮਈ ਦਿਵਸ ਦੇ ਸ਼ਹੀਦਾਂ ਦੀ ਵਿਰਾਸਤ ਸਾਡੀ ਮਾਰਗ ਦਰਸ਼ਕ ਅਤੇ ਰਾਹ ਦਰਸਾਵਾ ਹੈ।