ਬੀਬੀਐਨ ਨੈਟਵਰਕ ਪੰਜਾਬ, ਤਰਨਤਾਰਨ ਬਿਊਰੋ, 2 ਮਈ
ਤਰਨਤਾਰਨ ਦੇ ਰੇਲਵੇ ਸਟੇਸ਼ਨ ਦੇ ਕੋਲ ਝੁੱਗੀਆਂ ’ਚ ਰਹਿੰਦੇ ਵਿਅਕਤੀ ਨੂੰ ਪੀਰ ਦੀ ਜਗ੍ਹਾ ’ਤੇ ਸਿਗਰਟ ਪੀ ਰਹੇ ਨੌਜਵਾਨਾਂ ਨੂੰ ਰੋਕਣਾ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਉਨ੍ਹਾਂ ਨੇ ਉਸ ਦੇ ਸਿਰ ਵਿਚ ਇੱਟ ਮਾਰ ਕੇ ਕਤਲ ਕਰ ਦਿੱਤਾ। ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਦੋ ਜਣਿਆਂ ਵਿਰੁੱਧ ਕਤਲ ਦਾ ਕੇਸ ਦਰਜ ਕਰ ਲਿਆ ਹੈ। ਜਦੋਕਿ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।ਪੂਜਾ ਵਾਸੀ ਝੁੱਗੀਆਂ ਤੀਨਾ ਤਖੀਆ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ 22 ਅਪ੍ਰੈਲ ਨੂੰ ਉਸ ਦਾ ਪਤੀ ਸੁਨੀਲ ਪੁੱਤਰ ਰੌਣਕੀ ਰਾਮ ਜੋ ਮਜ਼ਦੂਰੀ ਦਾ ਕੰਮ ਕਰਦਾ ਸੀ ਰਾਤ ਕਰੀਬ ਸਾਢੇ 9 ਵਜੇ ਘਰ ਦੇ ਬਾਹਰ ਪੀਰਾਂ ਦੀ ਜਗ੍ਹਾ ਕੋਲ ਖੜ੍ਹਾ ਸੀ। ਜਿਥੇ ਉਨ੍ਹਾਂ ਦੇ ਗੁਆਂਢੀ ਬਲਦੇਵ ਸਿੰਘ ਪੁੱਤਰ ਦੀਪਕ ਅਤੇ ਗੈਵੀ ਪੁੱਤਰ ਸ਼ੰਭੂ ਸਿਗਰਟ ਪੀ ਰਹੇ ਸਨ। ਉਸ ਦੇ ਪਤੀ ਨੇ ਪੀਰਾਂ ਦੀ ਜਗ੍ਹਾ ਕੋਲ ਸਿਗਰਟ ਪੀਣ ਤੋਂ ਰੋਕਿਆ ਤਾਂ ਬਲਦੇਵ ਸਿੰਘ ਤੇ ਗੈਵੀ ਨੇ ਕਥਿਤ ਤੌਰ ’ਤੇ ਉਸ ਦੇ ਪਤੀ ਦੇ ਸਿਰ ਵਿਚ ਇੱਟ ਮਾਰ ਦਿੱਤੀ ਅਤੇ ਗੰਭੀਰ ਜ਼ਖਮੀ ਕਰ ਦਿੱਤਾ। ਉਸ ਨੇ ਖਰਚਾ ਨਾ ਹੋਣ ਕਰ ਕੇ ਪਤੀ ਨੂੰ ਹਸਪਤਾਲ ਦਾਖਲ ਨਹੀਂ ਕਰਵਾਇਆ ਤੇ ਥੋੜ੍ਹਾ ਬਹੁਤ ਇਲਾਜ ਘਰ ਵਿਚ ਹੀ ਕਰਵਾਉਂਦੀ ਰਹੀ ਪਰ ਅੱਜ ਉਸਦੇ ਪਤੀ ਨੇ ਸਿਰ ਵਿਚ ਲੱਗੀ ਸੱਟ ਦੇ ਚੱਲਦਿਆਂ ਦਮ ਤੋੜ ਦਿੱਤਾ। ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਸੁਨੀਲ ਕੁਮਾਰ ਨੇ ਦੱਸਿਆ ਕਿ ਪੂਜਾ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ’ਤੇ ਲਾਸ਼ ਕਬਜ਼ੇ ’ਚ ਲੈ ਕੇੇ ਸਿਵਲ ਹਸਪਤਾਲ ਤਰਨਤਾਰਨ ਦੇ ਡੈੱਡ ਹਾਉਸ ਵਿਖੇ ਰਖਵਾ ਦਿੱਤੀ ਗਈ ਹੈ। ਜਿਥੇ ਡਾਕਟਰਾਂ ਦੇ ਬੋਰਡ ਵੱਲੋਂ ਉਸ ਦਾ ਪੋਸਟਮਾਰਟਮ ਵੀਰਵਾਰ ਨੂੰ ਕੀਤਾ ਜਾਵੇਗਾ। ਜਦੋਂਕਿ ਬਲਦੇਵ ਸਿੰਘ ਅਤੇ ਗੈਵੀ ਨੂੰ ਕਤਲ ਦੀਆਂ ਧਾਰਾਵਾਂ ਤਹਿਤ ਨਾਮਜ਼ਦ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਅਗਲੀ ਜਾਂਚ ਕਰ ਰਹੇ ਚੌਂਕੀ ਬੱਸ ਅੱਡੇ ਦੇ ਇੰਚਾਰਜ ਏਐੱਸਆਈ ਕਿਰਪਾਲ ਸਿੰਘ ਵੱਲੋਂ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।