ਬੀਬੀਐਨ ਨੈਟਵਰਕ ਪੰਜਾਬ, ਚੰਡੀਗੜ੍ਹ ਬਿਊਰੋ, 2 ਮਈ
ਸੈਕਟਰ 5/8 ਡਿਵਾਈਡਿੰਗ ਰੋਡ ’ਤੇ ਭਿਆਨਕ ਸੜਕ ਹਾਦਸਾ ਹੋਇਆ। ਇਕ ਤੇਜ਼ ਰਫ਼ਤਾਰ ਸਕਾਰਪੀਉ ਕਾਰ ਨੇ ਆਟੋ ਨੂੰ ਟੱਕਰ ਮਾਰ ਦਿੱਤੀ। ਹਾਦਸੇ ’ਚ ਆਟੋ ਚਾਲਕ ਰਾਜੀਵ ਕੁਮਾਰ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ ਜਦਕਿ ਆਟੋ ਵਿਚ ਸਵਾਰ ਇਕ ਵਿਦਿਆਰਥਣ ਦੀ ਵੀ ਮੌਤ ਹੋ ਗਈ। ਮਿ੍ਰਤਕ ਵਿਦਿਆਰਥਣ ਹਿਮਾਚਲ ਪ੍ਰਦੇਸ਼ ਦੇ ਭਰਮੌਰ ਦੀ ਰਹਿਣ ਵਾਲੀ ਸੀ ਅਤੇ ਇੱਥੇ ਐੱਸਜੀਜੀਐੱਸ ਕਾਲਜ ਫਾਰ ਵਿਮੇਨ ਸੈਕਟਰ 26 ’ਚ ਬੀਐੱਸਸੀ ਫਾਈਨਲ ’ਚ ਪੜ੍ਹਦੀ ਸੀ।ਹਾਦਸੇ ਸਮੇਂ ਆਟੋ ਵਿਚ ਅੰਜਲੀ ਦੇ ਨਾਲ ਉਸ ਦੀਆਂ ਚਾਰ ਸਹੇਲੀਆਂ ਸੇਰਿੰਗ ਡਿਸਿਕਟ, ਅੰਕਿਤਾ ਜਸਰੋਟੀਆ, ਸਕਰਮਾ ਚੋਸਨਿਤ ਅਤੇ ਸਟੈਂਜਿਨ ਨੋਰਯਾਂਗ ਅੰਗਮੋ ਵੀ ਸਨ। ਇਹ ਚਾਰੇ ਵਿਦਿਆਰਥਣਾਂ ਲੱਦਾਖ ਦੀਆਂ ਰਹਿਣ ਵਾਲੀਆਂ ਹਨ ਜਦਕਿ ਅੰਜਲੀ ਹਿਮਾਚਲ ਪ੍ਰਦੇਸ਼ ਤੋਂ ਸੀ। ਇਹ ਚਾਰੇ ਨਯਾ ਗਾਓਂ ’ਚ ਪੀਜੀ ’ਚ ਰਹਿੰਦੀਆਂ ਸਨ। ਉਨ੍ਹਾਂ ਦੇ ਪੀਜੀ ਦੇ ਨਾਲ ਹੀ ਅੰਜਲੀ ਦੀ ਭੈਣ ਮੋਨਿਕਾ ਆਪਣੇ ਪਤੀ ਅਤੇ ਬੱਚੇ ਨਾਲ ਰਹਿੰਦੀ ਹੈ। ਅੰਜਲੀ ਦੀ ਮੌਤ ਦੀ ਖਬਰ ਸੁਣ ਕੇ ਉਹ ਸੈਕਟਰ 16 ਸਥਿਤ ਹਸਪਤਾਲ ਪਹੁੰਚੀ।ਆਟੋ ਵਿਚ ਸਵਾਰ ਬਾਕੀ ਵਿਦਿਆਰਥਣਾਂ ਵੀ ਬੁਰੀ ਤਰ੍ਹਾਂ ਜ਼ਖ਼ਮੀ ਹੋਈਆਂ ਹਨ। ਇਨ੍ਹਾਂ ਵਿਚੋਂ ਦੋ ਦੀ ਹਾਲਤ ਬੇਹੱਦ ਗੰਭੀਰ ਸੀ ਅਤੇ ਉਨ੍ਹਾਂ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ। ਪੁਲਿਸ ਨੇ ਸਕਾਰਪੀਉ ਚਾਲਕ ਨੂੰ ਗਿ੍ਰਫਤਾਰ ਕਰ ਲਿਆ ਹੈ ਅਤੇ ਉਸ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਹਾਲਾਂਕਿ ਜ਼ਮਾਨਤੀ ਧਾਰਾ ਲੱਗਣ ਕਾਰਨ ਉਸ ਨੂੰ ਮੌਕੇ ’ਤੇ ਹੀ ਜ਼ਮਾਨਤ ਮਿਲ ਗਈ। ਮੁਲਜ਼ਮ ਚਾਲਕ ਆਰਮੀ ਜਵਾਨ ਉਰਗਯਾਨ ਤਾਸਵਾਂਗ ਹੈ ਅਤੇ ਉਹ ਵੀ ਲੱਦਾਖ ਦਾ ਹੀ ਰਹਿਣ ਵਾਲਾ ਹੈ।ਕਾਲਜ ਦੀ ਪਿ੍ਰੰਸੀਪਲ ਡਾ. ਜਤਿੰਦਰ ਕੌਰ ਅਤੇ ਹੋਰ ਪ੍ਰੋਫੈਸਰ ਵੀ ਮੌਕੇ ’ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਇਹ ਸਾਰੀਆਂ ਫਾਈਨਲ ਈਅਰ ਦੀਆਂ ਵਿਦਿਆਰਥਣਾਂ ਸਨ ਅਤੇ ਬੁੱਧਵਾਰ ਨੂੰ ਇਨ੍ਹਾਂ ਦਾ ਪਹਿਲਾ ਪੇਪਰ ਸੀ। ਇਨ੍ਹਾਂ ਵਿਚ ਸੇਰਿੰਗ ਤੇ ਸਟੈਂਜਿਨ ਨੋਰਯਾਂਗ ਬੀਏ ਦੀ ਵਿਦਿਆਰਥਣ ਹੈ, ਬਾਕੀ ਤਿੰਨੋਂ ਬੀਐੱਸਸੀ ਵਿਚ ਪੜ੍ਹਦੀਆਂ ਸਨ।