ਬੀਬੀਐਨ ਨੈਟਵਰਕ ਪੰਜਾਬ, ਰੂਪਨਗਰ ਬਿਊਰੋ, 2 ਮਈ
ਸੁਆਂ ਨਦੀ ਦੇ ਪਾਰਲੇ ਨੰਗਲ ਤਹਿਸੀਲ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਨਦੀ ਵਿਚ ਬਣਾਏ ਆਰਜ਼ੀ ਰਸਤੇ ਦਾ ਅੱਗੇ ਆ ਰਹੇ ਬਰਸਾਤ ਦੇ ਮੌਸਮ ਵਿਚ ਰੁੜ੍ਹ ਜਾਣ ਦਾ ਡਰ ਸਤਾਉਣਾ ਲੱਗਾ ਹੈ, ਕਿਉਂਕਿ ਬਰਸਾਤ ਦੇ ਦਿਨਾਂ ਵਿਚ ਸੁਆਂ ਨਦੀ ਦਾ ਵਹਾਅ ਤੇਜ਼ ਹੋਣ ਕਾਰਨ ਆਰਜ਼ੀ ਪੁਲ ਦਾ ਰੁੜਨਾ ਲੋਕ ਲਾਜ਼ਮੀ ਮੰਨ ਰਹੇ ਹਨ। ਉੱਧਰ ਲੋਕ ਨਿਰਮਾਣ ਵਿਭਾਗ ਨੇ ਚਾਰ ਮਹੀਨੇ ਬਾਅਦ ਸਰਕਾਰ ਤੋਂ ਪੁਲ ਦੀ ਰਿਪੇਅਰ ਲਈ ਐਸਟੀਮੇਂਟ ਭੇਜ ਕੇ ਪੈਸੇ ਦੀ ਮੰਗ ਕੀਤੀ ਹੈ।ਦੱਸਣਯੋਗ ਹੈ ਕਿ ਮਾਈਨਿੰਗ ਦੀ ਭੇਂਟ ਚੜ੍ਹੇ ਪਿੰਡ ਐਲਗਰਾਂ ਨੇੜੇ ਸੁਆਂ ਨਦੀ ’ਤੇ 450 ਮੀਟਰ ਲੰਬੇ ਪੁਲ ਦੇ ਕੁੱਝ ਪਿੱਲਰ ਬੈਠਣ ਉਪਰੰਤ ਪ੍ਰਸ਼ਾਸਨ ਨੇ ਪੁਲ ’ਤੇ ਆਵਾਜਾਈ ਬੰਦ ਕਰ ਦਿੱਤੀ ਸੀ। ਇਸ ਕਾਰਨ ਸੁਆਂ ਨਦੀ ਤੋਂ ਨੰਗਲ ਵੱਲ ਦੇ ਦਰਜਨਾਂ ਪਿੰਡਾਂ ਦਾ ਸ੍ਰੀ ਅਨੰਦਪੁਰ ਸਾਹਿਬ, ਨੂਰਪੁਰਬੇਦੀ ਨਾਲੋਂ ਸਿੱਧੇ ਰੂਪ ਵਿਚ ਸਪੰਰਕ ਟੁੱਟਣ ਉਪਰੰਤ ਇਲਾਕੇ ਦੇ ਸਮਾਜ ਸੇਵੀ ਸੰਗਠਨਾਂ ਤੇ ਇਲਾਕਾ ਵਾਸੀਆਂ ਨੇ ਨਦੀ ਵਿਚ ਆਰਜ਼ੀ ਰਸਤਾ ਬਣਾ ਲਿਆ ਸੀ। ਪਰ ਉਹ ਵੀ ਪਿਛਲੇ ਦਿਨਾਂ ਵਿਚ ਪਏ ਮੀਂਹ ਕਾਰਨ ਖਰਾਬ ਹੋ ਗਿਆ ਸੀ ਜਿਸ ਦੀ ਰਿਪੇਅਰ ਕਿਲਾਂ ਅਨੰਦਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਕਾਰਸੇਵਾ ਮੁਖੀ ਬਾਬਾ ਸੁੱਚਾ ਸਿੰਘ ਜੀ ਵੱਲੋਂ ਆਰਜ਼ੀ ਰਸਤਾ ਠੀਕ ਕਰਵਾਇਆ ਗਿਆ ਹੈ। ਇਲਾਕੇ ਦੇ ਮੋਹਤਬਰਾਂ ਦੀ ਵੀ ਮੰਗ ਹੈ ਕਿ ਜੇਕਰ ਸਰਕਾਰ ਪੁਲ ਦਾ ਕੰਮ ਨਹੀਂ ਕਰਵਾ ਸਕਦੀ ਤਾਂ ਕਿਲਾ ਅਨੰਦਗੜ੍ਹ ਸਾਹਿਬ ਵਾਲੇ ਸੰਤਾਂ ਨੂੰ ਕਾਰਸੇਵਾ ਦੇ ਦੇਵੇ। ਬਾਬਿਆ ਨੇ ਹੋਲਾ ਮਹੱਲਾ ਤੋਂ ਪਹਿਲਾ ਸ੍ਰੀ ਅਨੰਦਪੁਰ ਸਾਹਿਬ ਗੜ੍ਹਸ਼ੰਕਰ ਮਾਰਗ ਦੀ ਖਸਤਾ ਹਾਲਤ ਨੂੰ ਠੀਕ ਕੀਤਾ ਹੈ।ਲੋਕ ਨਿਰਮਾਣ ਵਿਭਾਗ ਦੇ ਸੂਤਰ ਦੱਸਦੇ ਹਨ ਕਿ ਪੁਲ ਦੇ ਬੈਠਣ ਦਾ ਮੁੱਖ ਕਾਰਨ ਨਾਜਾਇਜ਼ ਮਾਈਨਿੰਗ ਹੈ। ਜਦੋਂ ਹਿਮਾਚਲ ਪ੍ਰਦੇਸ਼ ਤੋਂ ਸੁਆਂ ਨਦੀ ਵਿਚ ਪਾਣੀ ਆਉਂਦਾ ਹੈ ਤਾਂ ਮਾਈਨਿੰਗ ਮਾਫੀਆਂ ਵੱਲੋਂ ਪਾਏ ਡੂੰਘੇ ਖੱਡਿਆਂ ਵਿਚ ਪੁਲ ਦੇ ਪਿੱਲਰਾਂ ਨਾਲ ਤੋਂ ਮਟੀਰੀਅਲ ਰੁੜ ਗਿਆ ਤੇ ਪਿੱਲਰ ਨੰਗੇ ਹੋ ਗਏ ਜਿਸ ਕਾਰਨ ਪੁਲ ਬੈਠ ਗਿਆ।ਸਰਗਰਮ ਸਮਾਜ ਸੇਵਕ ਆਗੂ ਹਰਦੇਵ ਸਿੰਘ ਭਲਾਣ ਨੇ ਕਿਹਾ ਕਿ 4 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ ਇਸ ਪੁਲ ਨੂੰ ਬੰਦ ਕੀਤੇ ਪਰ ਅਜੇ ਤੱਕ ਪ੍ਰਸ਼ਾਸਨ ਵੱਲੋਂ ਪੁਲ ਸਬੰਧੀ ਕੋਈ ਹਿਲਜੁਲ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਪੁਲ ਦੇ ਬੰਦ ਹੋਣ ਨਾਲ ਹਿਮਾਚਲ ਪ੍ਰਦੇਸ਼ ਤੇ ਨੰਗਲ ਵੱਲੋਂ ਨੂਰਪੁਰ ਬੇਦੀ ਜਾਂ ਸ੍ਰੀ ਅਨੰਦਪੁਰ ਸਾਹਿਬ ਆਉਣ ਵਾਲੇ ਲੋਕਾਂ ਨੂੰ ਹੁਣ ਡਰ ਇਸ ਗੱਲ ਦਾ ਹੈ ਜੇਕਰ ਬਰਸਾਤ ਦੇ ਮੌਸਮ ਵਿਚ ਆਰਜ਼ੀ ਰਸਤਾ ਵੀ ਹੜ੍ਹ ਗਿਆ ਤਾਂ ਨੂਰਪੁਰ ਬੇਦੀ ਜਾ ਨੂਰਪੁਰ ਬੇਦੀ ਵੱਲੋਂ ਨੰਗਲ ਪੜ੍ਹਾਈ ਕਰਨ ਲਈ ਆਉਣ ਜਾਣ ਵਾਲੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਤੇ ਆਮ ਲੋਕਾਂ ਨੂੰ ਆਪਣੇ ਕੰਮਾਂ ਕਾਰਾ ਲਈ ਜਾਣਾ ਆਉਣਾ ਬੰਦ ਹੋ ਜਾਵੇਗਾ, ਕਿਉਂਕਿ ਸੁਆਂ ਨਦੀ ਦਾ ਬਰਸਾਤ ਦੇ ਦਿਨਾਂ ਵਿਚ ਪਾਣੀ ਦਾ ਵਹਾਅ ਤੇਜ਼ ਹੋ ਜਾਂਦਾ ਹੈ।ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਕਿਹਾ ਹੈ ਕਿ ਮਾਲਵੇ ਦੇ ਕਈ ਜ਼ਿਲ੍ਹੇ ਤੇ ਰੂਪਨਗਰ ਜ਼ਿਲ੍ਹੇ ਦੇ ਵਾਸੀ ਨੰਗਲ ਤੇ ਹਿਮਾਚਲ ਪ੍ਰਦੇਸ਼ ਦੇ ਊਨਾ, ਕਾਂਗੜਾ ਵੱਲ ਜਾਣ ਲਈ ਕਲਵਾਂ ਮੋੜ ਤੋਂ ਨੰਗਲ ਜਾਣ ਦੇ ਨੇੜਲੇ ਰਸਤੇ ਨੂੰ ਹੀ ਜ਼ਿਆਦਾਤਰ ਜਾਂਦੇ ਹਨ ਪਰ ਦਸੰਬਰ 2023 ਵਿਚ ਐਲਗਰਾਂ ਪੁਲ ਦੇ ਬੈਠਣ ਨਾਲ ਪ੍ਰਸ਼ਾਸਨ ਵੱਲੋਂ ਆਵਾਜਾਈ ਬੰਦ ਕਰ ਦਿੱਤੀ ਜਿਸ ਕਾਰਨ ਇੱਕ ਵਾਰ ਤਾਂ ਸੁਆਂ ਪਾਰਲੇ ਪਿੰਡਾਂ ਦਾ ਸਿੱਧਾ ਸੰਪਰਕ ਟੁੱਟ ਗਿਆ ਸੀ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਤੇ ਸਮਾਜ ਸੇਵੀ ਸੰਗਠਨਾਂ ਵੱਲੋਂ ਇੱਕਤਰ ਹੋ ਕੇ ਸੁਆਂ ਨਦੀ ਵਿਚ ਆਰਜ਼ੀ ਰਸਤਾ ਬਣਾਇਆ ਗਿਆ ਹੈ ਜਿਸ ’ਤੇ ਹੁਣ ਆਵਾਜਾਈ ਚੱਲ ਰਹੀ ਹੈ ਪਰ ਬੱਸਾਂ ਦੇ ਕਈ ਟਾਈਮ ਬੰਦ ਹੋ ਗਏ ਹਨ ਜਿਸ ਨਾਲ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੀ ਮੰਗ ਹੈ ਕਿ ਪੁਲ ਬਣਨ ਨੂੰ ਸਮਾਂ ਲੱਗੇਗਾ, ਸਰਕਾਰ ਬਰਸਾਤ ਤੋਂ ਆਰਜ਼ੀ ਰਸਤੇ ’ਤੇ ਪਹਿਲਾ ਲੋਹੇ ਦੇ ਪਿੱਲਰਾਂ ਵਾਲਾ ਪੁਲ ਲਾ ਕੇ ਲੋਕਾਂ ਨੂੰ ਆਉਣ ਜਾਣ ਲਈ ਸਹੂਲਤ ਦੇਵੇ ਨਹੀਂ ਤਾਂ ਬਰਸਾਤ ਦੇ ਮੌਸਮ ਵਿਚ ਆਰਜ਼ੀ ਰਸਤਾ ਰੁੜ੍ਹ ਜਾਵੇਗਾ ਤੇ ਲੋਕਾਂ ਦੀ ਮੁਸ਼ਕਿਲ ਵਿਚ ਵਾਧਾ ਹੋਵੇਗਾ।