ਬੀਬੀਐਨ ਨੈਟਵਰਕ ਪੰਜਾਬ, ਤਰਨਤਾਰਨ ਬਿਊਰੋ, 3 ਮਈ
ਤਰਨਤਾਰਨ ਜ਼ਿਲ੍ਹੇ ਦੇ ਪਿੰਡ ਬਲੇਰ ਵਿਖੇ ਖੇਤਾਂ ’ਚ ਰੋਟੀ ਲੈ ਕੇ ਗਏ ਨੌਜਵਾਨ ਦੀ ਲਾਸ਼ ਬਰਾਮਦ ਹੋਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਮ੍ਰਿਤਕ ਦੀ ਪਛਾਣ ਪਿੰਡ ਬਲੇਰ ਦੇ ਰਹਿਣ ਵਾਲੇ ਗੁਰਜੀਤ ਸਿੰਘ ਦੇ ਰੂਪ ਵਿਚ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਮ੍ਰਿਤਕ ਦੇ ਪਿਤਾ ਚਿੰਤਾ ਸਿੰਘ ਨੇ ਪਿੰਡ ਦੇ ਹੀ ਕੁਝ ਲੋਕਾਂ ਵੱਲੋਂ ਰੰਜਿਸ਼ ਦੇ ਚੱਲਦਿਆਂ ਕਤਲ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਉਕਤ ਲੋਕਾਂ ਵੱਲੋਂ ਉਸਦੇ ਲੜਕੇ ਨੂੰ ਪਹਿਲਾਂ ਵੀ ਧਮਕੀਆਂ ਦਿੱਤੀਆਂ ਗਈਆਂ ਸਨ। ਚਿੰਤਾ ਸਿੰਘ ਨੇ ਦੱਸਿਆ ਕਿ ਖੇਤਾਂ ਵਿਚ ਤੂੜੀ ਬਣਾਉਣ ਦਾ ਕੰਮ ਚੱਲ ਰਿਹਾ ਸੀ ਅਤੇ ਉਸਦਾ ਲੜਕਾ ਦੁਪਹਿਰ ਦੀ ਰੋਟੀ ਦੇਣ ਵਾਸਤੇ ਖੇਤਾਂ ਨੂੰ ਗਿਆ ਪਰ ਨਾ ਤਾਂ ਖੇਤਾਂ ਵਿਚ ਪੁੱਜਾ ਅਤੇ ਨਾ ਹੀ ਘਰ ਵਾਪਸ ਆਇਆ। ਉਨ੍ਹਾਂ ਆਪਣੇ ਲੜਕੇ ਨੂੰ ਫੋਨ ਕੀਤਾ ਤਾਂ ਫੋਨ ਕਿਸੇ ਅਣਜਾਣ ਵਿਅਕਤੀ ਨੇ ਚੁੱਕਿਆ ਅਤੇ ਦੱਸਿਆ ਕਿ ਗੁਰਜੀਤ ਸਿੰਘ ਦੀ ਮੌਤ ਹੋ ਚੁੱਕੀ ਹੈ। ਉਸਨੇ ਦੱਸਿਆ ਕਿ ਗੁਰਜੀਤ ਸਿੰਘ ਦੇ ਹੱਥ ਬੰਨੇ ਹੋਏ ਸਨ ਅਤੇ ਉਸਦੇ ਸਰੀਰ ‘ਤੇ ਕਰੰਟ ਲਗਾਏ ਜਾਣ ਵਰਗੇ ਨਿਸ਼ਾਨ ਸਨ। ਉਨ੍ਹਾਂ ਨੇ ਮੰਗ ਕੀਤੀ ਕਿ ਉਸਦੇ ਲੜਕੇ ਨੂੰ ਕਤਲ ਕਰਨ ਵਾਲੇ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕੀਤੀ ਜਾਵੇ। ਮੌਕੇ ‘ਤੇ ਪਹੁੰਚੇ ਥਾਣਾ ਭਿੱਖੀਵਿੰਡ ਦੇ ਮੁਖੀ ਮੋਹਿਤ ਸ਼ਰਮਾ ਨੇ ਕਿਹਾ ਕਿ ਮ੍ਰਿਤਕ ਦੇ ਪਿਤਾ ਬਿਆਨ ਦਰਜ ਕੀਤੇ ਜਾ ਰਹੇ ਹਨ। ਜਦੋਕਿ ਸੀਸੀਟੀਵੀ ਕੈਮਰਿਆਂ ਦੀ ਫੁੱਟੇਜ ਚੈੱਕ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।