ਬੀਬੀਐਨ ਨੈਟਵਰਕ ਪੰਜਾਬ, ਸ੍ਰੀ ਮੁਕਤਸਰ ਸਾਹਿਬ ਬਿਊਰੋ, 4 ਮਈ
ਸ੍ਰੀ ਮੁਕਤਸਰ ਸਾਹਿਬ ਦੇ ਜਲਾਲਾਬਾਦ ਰੋਡ ’ਤੇ ਬਣੇ ਓਵਰਬ੍ਰਿਜ 'ਤੇ ਅੱਜ ਚੜ੍ਹਦੀ ਸਵੇਰ ਭਿਆਨਕ ਹਾਦਸਾ ਵਾਪਰ ਗਿਆ ਜਿਸ ’ਚ ਦੋ ਪੁਲਿਸ ਮੁਲਾਜ਼ਮ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਓਵਰਬ੍ਰਿਜ ’ਤੇ ਜਾ ਰਹੀ ਤੇਜ਼ ਰਫਤਾਰ ਕਾਰ ਨੇ ਮੋਟਰਸਾਈਕਲ ’ਤੇ ਸਵਾਰ ਦੋ ਪੀਸੀਆਰ ਮੁਲਾਜ਼ਮਾਂ ਨੂੰ ਟੱਕਰ ਮਾਰ ਦਿੱਤੀ ਜਿਸ ’ਚ ਦੋਵੇਂ ਪੁਲਿਸ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀ ਪੁਲਿਸ ਮੁਲਾਜ਼ਮਾਂ ਦੀ ਪਛਾਣ ਪੀਐਚਸੀ ਚਰਨਜੀਤ ਸਿੰਘ ਤੇ ਏਐਸਆਈ ਹਰਨੇਕ ਸਿੰਘ ਵਜੋਂ ਹੋਈ ਹੈ। ਇਸ ਹਾਦਸੇ ’ਚ ਪੀਐਚਸੀ ਚਰਨਜੀਤ ਸਿੰਘ ਦੀ ਲੱਤ ਟੁੱਟ ਗਈ ਹੈ ਜਿਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।ਜ਼ਖਮੀਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਪੁਲਿਸ ਮੁਲਾਜ਼ਮਾਂ ਦਾ ਮੋਟਰਸਾਈਕਲ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ। ਪ੍ਰਤਖਦਰਸ਼ੀਆਂ ਅਨੁਸਾਰ ਇਸ ਹਾਦਸੇ ਸਮੇਂ ਤੇਜ਼ ਰਫ਼ਤਾਰ ਹੋਣ ਕਾਰਨ ਕਾਰ ਦੇ ਏਅਰਬੈਗ ਖੁੱਲ੍ਹ ਗਏ ਤੇ ਕਾਰ ਦੇ ਕੰਡਕਟਰ ਸਾਈਡ ਵਾਲਾ ਟਾਇਰ ਵੀ ਫਟ ਗਿਆ। ਘਟਨਾ ਤੋਂ ਬਾਅਦ ਪੁਲਿਸ ਨੇ ਕਾਰ ਚਾਲਕ ਨੂੰ ਕਾਬੂ ਕਰ ਲਿਆ ਹੈ। ਘਟਨਾ ਸਥਾਨ ’ਤੇ ਪੁੱਜੇ ਏਐਸਆਈ ਅਮਰੀਕ ਸਿੰਘ ਨੇ ਦੱਸਿਆ ਕਿ ਪੀਸੀਆਰ ’ਚ ਤਾਇਨਾਤ ਉਨ੍ਹਾਂ ਦੇ ਦੋ ਮੁਲਾਜ਼ਮ ਏਐਸਆਈ ਹਰਨੇਕ ਸਿੰਘ ਤੇ ਪੀਐਚਸੀ ਚਰਨਜੀਤ ਸਿੰਘ ਸਵੇਰੇ ਕਰੀਬ 6.30 ਵਜ੍ਹੇ ਮੋਟਰਸਾਈਕਲ ’ਤੇ ਜਾ ਰਹੇ ਸਨ। ਜਦ ਉਹ ਜਲਾਲਾਬਾਦ ਰੋਡ ਉਪਰ ਬਣੇ ਓਵਰਬ੍ਰਿਜ ’ਤੇ ਚੜ੍ਹੇ ਤਾਂ ਤੇਜ਼ ਰਫਤਾਰ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਓਧਰ ਪੁਲਿਸ ਨੇ ਘਟਨਾ ’ਚ ਨੁਕਸਾਨੇ ਗਏ ਵਾਹਨ ਤੇ ਕਾਰ ਚਾਲਕ ਨੂੰ ਕਾਬੂ ਕਰ ਕੇ ਕਾਰਵਾਈ ਆਰੰਭ ਦਿੱਤੀ ਹੈ।