ਬੀਬੀਐਨ ਨੈਟਵਰਕ ਪੰਜਾਬ, ਪਟਿਆਲਾ ਬਿਊਰੋ, 4 ਮਈ
ਇਥੋਂ ਨੇੜਲੇ ਪਿੰਡ ਸਿਹਰਾ ਵਿਖੇ ਲੋਕ ਸਭਾ ਹਲਕਾ ਪਟਿਆਲਾ ਤੋਂ ਭਾਜਪਾ ਉਮੀਦਵਾਰ ਪਰਨੀਤ ਕੌਰ (Preneet Kaur) ਦਾ ਵਿਰੋਧ ਕਰਨ ਲਈ ਇਕੱਠੇ ਹੋਏ ਕਿਸਾਨਾਂ ਨਾਲ ਹੋਈ ਧੱਕਾ-ਮੁੱਕੀ ਦੌਰਾਨ ਇਕ ਕਿਸਾਨ ਦੀ ਮੌਤ ਹੋ ਗਈ। ਇਕੱਤਰ ਕਿਸਾਨਾਂ ਨੇ ਨਾਅਰੇਬਾਜ਼ੀ ਕਰਦਿਆਂ ਹੱਥਾਂ 'ਚ ਕਾਲੀਆਂ ਝੰਡੀਆਂ ਫੜ ਕੇ ਰੋਸ ਪ੍ਰਦਰਸ਼ਨ ਕੀਤਾ। ਜਾਣਕਾਰੀ ਅਨੁਸਾਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨਾਂ ਦੀਆਂ ਮੰਗਾਂ ਨਾ ਮੰਨੇ ਜਾਣ ਦੇ ਵਿਰੋਧ ਵਿੱਚ ਭਾਜਪਾ ਉਮੀਦਵਾਰਾਂ ਦਾ ਹਰ ਥਾਂ 'ਤੇ ਵਿਰੋਧ ਕਰਨ ਦੀ ਕਾਲ ਦਿੱਤੀ ਹੋਈ ਹੈ ਜਿਸ ਦੇ ਚਲਦਿਆਂ ਜਦੋਂ ਨੇੜਲੇ ਪਿੰਡ ਸਿਹਰਾ ਵਿਖੇ ਭਾਜਪਾ ਲੋਕ ਸਭਾ ਹਲਕਾ ਪਟਿਆਲਾ ਤੋਂ ਉਮੀਦਵਾਰ ਪਰਨੀਤ ਕੌਰ ਵੱਲੋਂ ਭਾਜਪਾ ਪਾਰਟੀ ਸਮਰਥਕਾਂ ਵੱਲੋਂ ਰੱਖੇ ਗਏ ਪ੍ਰੋਗਰਾਮ 'ਚ ਚੋਣ ਪ੍ਰਚਾਰ ਕਰਨ ਲਈ ਆਉਣਾ ਸੀ।ਕਿਸਾਨ ਉਨ੍ਹਾਂ ਦਾ ਵਿਰੋਧ ਕਰਨ ਲਈ ਹੱਥਾਂ 'ਚ ਕਾਲੀਆਂ ਝੰਡੀਆਂ ਤੇ ਕਿਸਾਨੀ ਝੰਡੇ ਲੈ ਕੇ ਪੁੱਜ ਗਏ। ਇਸ ਮੌਕੇ ਭਾਜਪਾ ਪਾਰਟੀ ਸਮਰਥਕਾਂ ਤੇ ਕਿਸਾਨਾਂ ਵਿਚਕਾਰ ਮਾਮੂਲੀ ਤਕਰਾਰ ਤੋਂ ਬਾਅਦ ਧੱਕਾ-ਮੁੱਕੀ ਹੋਈ ਤਾਂ ਇਕ ਕਿਸਾਨ ਸੁਰਿੰਦਰ ਪਾਲ ਸਿੰਘ ਪਿੰਡ ਆਕੜੀ ਥੱਲੇ ਡਿੱਗ ਗਿਆ ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਉਸ ਨੂੰ ਨਾਲ ਦੇ ਸਾਥੀਆਂ ਵੱਲੋਂ ਗੱਡੀ 'ਚ ਸਿਵਿਲ ਹਸਪਤਾਲ ਰਾਜਪੁਰਾ ਲਈ ਇਲਾਜ ਵਾਸਤੇ ਲਿਆਂਦਾ ਜਾ ਰਿਹਾ ਸੀ ਪਰ ਰਸਤੇ 'ਚ ਹੀ ਉਸ ਦੀ ਮੌਤ ਹੋ ਗਈ। ਜਦੋਂ ਉਸ ਨੂੰ ਸਿਵਲ ਹਸਪਤਾਲ ਰਾਜਪੁਰਾ ਵਿਖੇ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।ਇਸ ਮੌਕੇ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕੌਮੀ ਪ੍ਰਧਾਨ ਮਨਜੀਤ ਸਿੰਘ ਘੁਮਾਣਾ ਸਮੇਤ ਹੋਰਨਾ ਕਿਸਾਨ ਆਗੂਆਂ ਨੇ ਕਿਹਾ ਕਿ ਭਾਜਪਾ ਉਮੀਦਵਾਰ ਦਾ ਵਿਰੋਧ ਕਰ ਰਹੇ ਕਿਸਾਨ ਦੀ ਹੋਈ ਮੌਤ ਦਾ ਜਲਦ ਬਦਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਜਿੱਥੇ ਆਪਣੀ ਹੱਕੀ ਮੰਗਾਂ ਦੇ ਲਈ ਉਮੀਦਵਾਰਾਂ ਦਾ ਵਿਰੋਧ ਕਰ ਰਹੇ ਹਨ, ਉੱਥੇ ਹੀ ਕਈ ਥਾਵਾਂ 'ਤੇ ਵਿਰੋਧ ਕਰ ਰਹੇ ਕਿਸਾਨਾਂ ਦੇ ਨਾਲ ਹੱਥੋਪਾਈ ਤੇ ਧੱਕਾ-ਮੁੱਕੀ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਜ਼ਿਕਰਯੋਗ ਹੈ ਕਿ ਜਿਸ ਥਾਂ 'ਤੇ ਕਿਸਾਨਾਂ ਨਾਲ ਧੱਕਾ-ਮੁੱਕੀ ਹੋਈ ਹੈ, ਉਸ ਥਾਂ ਥਾਣਾ ਖੇੜੀ ਗੰਡਿਆ ਪੁਲਿਸ ਵੱਡੀ ਗਿਣਤੀ 'ਚ ਪਹੁੰਚ ਗਈ ਤੇ ਕਿਸਾਨਾਂ ਨੇ ਸੜਕ ਉੱਤੇ ਬੈਠ ਕੇ ਹੀ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।ਇਸ ਸਬੰਧੀ ਮੌਕੇ ਦੀ ਵੀਡੀਓ ਸਾਂਝੀ ਕਰਦਿਆਂ ਪਰਨੀਤ ਕੌਰ ਨੇ ਕਿਹਾ ਕਿ ਕਿਸਾਨ ਨੂੰ ਕਿਸੇ ਨੇ ਧੱਕਾ ਨਹੀਂ ਮਾਰਿਆ ਸਗੋਂ ਉਹ ਆਪਣੇ ਆਪ ਡਿੱਗਿਆ ਹੈ।