ਬੀਬੀਐਨ ਨੈਟਵਰਕ ਪੰਜਾਬ, ਬਰਨਾਲਾ ਬਿਊਰੋ, 06 ਮਈ
ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਿਸ ਲੈ ਕੇ ਉਸ ਨੂੰ ਆਪਣੇ ਸੋਸ਼ਲ ਮੀਡੀਆ ਪੇਜ਼ 'ਤੇ ਪਾਉਣ ਵਾਲਾ ਭਗਵੰਤ ਮਾਨ ਹੁਣ ਆਪਣੀ ਖੁਦ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ ਸੁਪਰੀਮ ਕੋਰਟ ਪੁੱਜਿਆ ਹੋਇਆ ਹੈ | ਇਹ ਪ੍ਰਗਟਾਵਾ ਲੋਕ ਸਭਾ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਸੋਸ਼ਲ ਮੀਡੀਆ ਦੇ ਪੇਜ਼ ਤੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕੀਤਾ |ਖਹਿਰਾ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈਣ ਬਾਰੇ ਭਗਵੰਤ ਮਾਨ ਤੇ ਇਸਦੇ ਮੀਡੀਆ ਸਲਾਹਕਾਰ ਬਲਤੇਜ ਪੰਨੂੰ ਨੇ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਜਾਣਕਾਰੀ ਦੇ ਦਿੱਤੀ ਅਤੇ ਇਸ ਜਾਣਕਾਰੀ ਮਿਲਣ ਤੇ ਗੈਂਗਸਟਰਾਂ ਤੇ ਗੁੰਡਿਆਂ ਨੇ 24 ਘੰਟਿਆਂ ਦੇ ਅੰਦਰ ਅੰਦਰ ਸ਼ੁਭਦੀਪ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ | ਕਤਲ ਦਾ ਇਨਸਾਫ਼ ਲੈਣ ਲਈ ਬਲਕੌਰ ਸਿੰਘ ਤੇ ਚਰਨ ਕੌਰ ਦਰ- ਦਰ ਦੀਆਂ ਠੋਕਰਾਂ ਖਾ ਰਹੇ ਹਨ ਪਰ ਹਾਲੇ ਤਾਂਈ ਉਨ੍ਹਾਂ ਨੂੰ ਕੋਈ ਇਨਸਾਫ਼ ਨਹੀਂ ਮਿਲਿਆ | ਦੂਜੇ ਪਾਸੇ 2 ਸਾਲ ਪੰਜਾਬ ਸਰਕਾਰ ਨੇ ਮਾਣਯੋਗ ਸੁਪਰੀਮ ਕੋਰਟ ਕੋਲ ਮੰਨਿਆ ਹੈ ਕਿ ਸਿੱਧੂ ਮੂਸੇਵਾਲਾ ਦਾ ਕਤਲ ਸੁਰੱਖਿਆ ਵਾਪਿਸ ਲੈਣ ਤੋਂ ਪਿੱਛੋਂ ਹੋਇਆ ਹੈ |ਖਹਿਰਾ ਨੇ ਦੱਸਿਆ ਕਿ ਹੁਣ ਪਤਾ ਲੱਗਿਆ ਹੈ ਕਿ ਮੁੱਖ ਮੰਤਰੀ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਜਿਹੜੀ ਲੇਕ ਰੋਡ 'ਤੇ ਸਥਿਤ ਹੈ, ਉਸ ਨੂੰ ਸੁਰੱਖਿਆ ਲਈ ਆਮ ਲੋਕਾਂ ਵਾਸਤੇ ਬੰਦ ਕੀਤਾ ਹੋਇਆ ਹੈ | ਇਸ ਦੇ ਖਿਲਾਫ਼ ਕਈ ਐਨਜੀਓ ਸੰਸਥਾਵਾਂ ਵੱਲੋਂ ਮਾਣਯੋਗ ਹਾਈਕੋਰਟ ਵਿੱਚ ਇਸ ਦੇ ਖਿਲਾਫ ਅਪੀਲ ਦਾਇਰ ਕੀਤੀ ਕਿ ਇੱਕ ਬੰਦੇ ਸੁਰੱਖਿਆ ਲਈ ਹਜ਼ਾਰਾਂ ਲੋਕਾਂ ਨੂੰ ਪ੍ਰੇਸ਼ਾਨੀ ਵਿੱਚ ਪਾਇਆ ਹੋਇਆ ਹੈ | ਮਾਣਯੋਗ ਹਾਈਕੋਰਟ ਨੇ ਇਸ ਦੇ ਜਵਾਬ ਵਿੱਚ ਇਹ ਆਖਿਆ ਕਿ ਇਸ ਰੋਡ ਨੂੰ ਖੋਲ੍ਹ ਕੇ ਵੇਖਦੇ ਹਾਂ ਜੇਕਰ ਕੁਝ ਦਿਨ ਹਾਲਾਤ ਸੁਖਾਵੇਂ ਰਹਿੰਦੇ ਹਨ ਤਾਂ ਉਸ ਨੂੰ ਆਮ ਲੋਕਾਂ ਦੇ ਆਉਣ ਜਾਣ ਲਈ ਖੋਲ੍ਹ ਦਿੱਤਾ ਜਾਵੇਗਾ | ਹਾਈਕੋਰਟ ਦੀ ਇਸ ਰਾਇ ਦੇ ਖਿਲਾਫ਼ ਮੁੱਖ ਮੰਤਰੀ ਭਗਵੰਤ ਦੇ ਵਕੀਲ ਮਾਣਯੋਗ ਸੁਪਰੀਮ ਕੋਰਟ ਚਲੇ ਗਏ ਤੇ ਕਿਹਾ ਕਿ ਅਜਿਹਾ ਕਰਨ ਤੋਂ ਰੋਕਿਆ ਜਾਵੇ | ਦੂਜੇ ਪਾਸੇ ਭਾਜਪਾ ਨੇ ਵੇ ਵੀ ਮੁੱਖ ਮੰਤਰੀ ਦੀ ਸੁਰੱਖਿਆ ਦੇ ਮਾਮਲੇ ਵਿੱਚ ਆਪ ਸਰਕਾਰ ਦੀ ਹਮਾਇਤ ਕੀਤੀ ਹੈ |ਖਹਿਰਾ ਨੇ ਕਿਹਾ ਕਿ ਭਗਵੰਤ ਮਾਨ ਕੋਲ 1 ਹਜ਼ਾਰ ਸੁਰੱਖਿਆ ਕਰਮਚਾਰੀ ਹੈ, ਰਿਹਾਇਸ਼ ਦੀਆਂ ਕੰਧਾਂ ਤੇ ਕੰਡਿਆਲੀਆਂ ਤਾਰਾਂ ਲੱਗੀਆਂ ਹੋਈਆਂ ਹਨ, ਇੰਨੀ ਸੁਰੱਖਿਆ ਲੈਣ ਦੇ ਬਾਅਦ ਵੀ ਹੋਰ ਸੁਰੱਖਿਆ ਲੈਣ ਲਈ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ |