ਬੀਬੀਐਨ ਨੈਟਵਰਕ ਪੰਜਾਬ, ਬਰਨਾਲਾ ਬਿਊਰੋ, 07 ਮਈ
ਇਹਨਾਂ ਜਥੇਬੰਦੀਆਂ ਦੀ ਅੱਜ ਬਰਨਾਲਾ ਵਿਖੇ ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਜਥੇਬੰਦੀਆਂ ਦੀ ਹੋਈ ਸਾਂਝੀ ਸੂਬਾਈ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ। ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਖੇਤ ਮਜ਼ਦੂਰ ਆਗੂ ਲਛਮਣ ਸਿੰਘ ਸੇਵੇਵਾਲਾ, ਕਿਸਾਨ ਆਗੂ ਸੁਖਦੇਵ ਸਿੰਘ ਕੋਕਰੀ ਕਲਾਂ, ਸਨਅਤੀ ਮਜ਼ਦੂਰ ਆਗੂ ਹਰਜਿੰਦਰ ਸਿੰਘ, ਵਿਦਿਆਰਥੀ ਆਗੂ ਹੁਸ਼ਿਆਰ ਸਿੰਘ, ਠੇਕਾ ਮੁਲਾਜ਼ਮ ਆਗੂ ਵਰਿੰਦਰ ਸਿੰਘ ਮੋਮੀ, ਬਲਿਹਾਰ ਸਿੰਘ , ਪਵਨਦੀਪ ਸਿੰਘ, ਜਗਰੂਪ ਸਿੰਘ, ਗੁਰਵਿੰਦਰ ਪੰਨੂ, ਅਧਿਆਪਕ ਆਗੂ ਦਿਗਵਿਜੇ ਪਾਲ ਸ਼ਰਮਾ , ਬਿਜਲੀ ਕਾਮਿਆਂ ਦੇ ਆਗੂ ਕਿ੍ਸ਼ਨ ਸਿੰਘ ਔਲਖ ਨੇ ਕਿਹਾ ਕਿ ਇਹ ਵੋਟਾਂ ਹਾਕਮਾਂ ਦੀ ਖੇਡ ਹੈ, ਲੋਕਾਂ ਨੂੰ ਵੰਡਣ ਤੇ ਭਰਮਾਉਣ ਲਈ ਹੈ।ਇਸੇ ਲਈ ਇੱਥੇ ਸਾਡੇ ਅਸਲ ਮੁੱਦਿਆਂ ਦੀ ਚਰਚਾ ਨਹੀਂ ਹੁੰਦੀ ਜਾਂ ਨਿਗੂਣੇ ਵਾਅਦਿਆਂ ਰਾਹੀਂ ਲੋਕਾਂ ਨੂੰ ਭਰਮਾਇਆ ਜਾਂਦਾ ਹੈ। ਆਗੂਆਂ ਨੇ ਕਿਹਾ ਕਿ ਮਾਰਚ ਮਹੀਨੇ ਜਥੇਬੰਦੀਆਂ ਵੱਲੋਂ ਸਾਂਝੇ ਤੌਰ 'ਤੇ 30 ਨੁਕਾਤੀ ਲੋਕ ਏਜੰਡੇ ਦੁਆਲੇ ਸੰਘਰਸ਼ਾਂ ਦਾ ਸਿਲਸਿਲਾ ਵਿੱਢਣ ਦਾ ਐਲਾਨ ਕੀਤਾ ਗਿਆ ਸੀ। ਇਸ ਲੋਕ ਏਜੰਡੇ 'ਚ ਸ਼ਾਮਿਲ ਪ੍ਰਮੁੱਖ ਮੁੱਦੇ ਨਿਜੀਕਰਨ-ਵਪਾਰੀਕਰਨ ਵਾਲੀਆਂ ਨੀਤੀਆਂ ਰੱਦ ਕਰੋ, ਸੰਸਾਰ ਵਪਾਰ ਸੰਸਥਾ ਚੋਂ ਬਾਹਰ ਆਓ, ਕਿਸਾਨ-ਮਜ਼ਦੂਰ ਵਾਤਾਵਰਨ ਪੱਖੀ ਤੇ ਕਾਰਪੋਰੇਟ-ਜਗੀਰਦਾਰ ਵਿਰੋਧੀ ਖੇਤੀ ਨੀਤੀ ਲਿਆਓ, ਜ਼ਮੀਨੀ ਸੁਧਾਰ ਲਾਗੂ ਕਰੋ ਤੇ ਸੂਦਖੋਰੀ ਧੰਦੇ ਨੂੰ ਨੱਥ ਪਾਓ, ਠੇਕਾ ਭਰਤੀ ਦੀ ਨੀਤੀ ਰੱਦ ਕਰੋ, ਪੁਰਾਣੀ ਪੈਨਸ਼ਨ ਬਹਾਲ ਕਰੋ , ਐਮ ਐਸ ਪੀ ਦੀ ਸੰਵਿਧਾਨਕ ਗਾਰੰਟੀ ਤੇ ਜਨਤਕ ਵੰਡ ਪ੍ਰਣਾਲੀ ਲਾਗੂ ਕਰੋ ਤੇ ਕਾਲੇ ਕਾਨੂੰਨ ਰੱਦ ਕਰੋ ਵਰਗੇ ਮੁੱਦੇ ਸ਼ਾਮਿਲ ਹਨ। ਉਹਨਾਂ ਕਿਹਾ ਕਿ ਸਾਰੀਆਂ ਹਾਕਮ ਜਮਾਤੀ ਵੋਟ ਪਾਰਟੀਆਂ ਇਹਨਾਂ ਮੁੱਦਿਆਂ ਬਾਰੇ ਚੁੱਪ ਹਨ ਕਿਉਂਕਿ ਉਹ ਜਿਸ ਲੋਕ ਦੋਖੀ ਤੇ ਸਾਮਰਾਜ ਪੱਖੀ ਵਿਕਾਸ ਮਾਡਲ ਨੂੰ ਲਾਗੂ ਕਰ ਰਹੀਆਂ ਹਨ ਇਹ ਮੁੱਦੇ ਉਸੇ ਮਾਡਲ ਦੀ ਦੇਣ ਹਨ। ਚੋਣਾਂ ਵਿੱਚ ਵੀ ਉਹ ਲੋਕਾਂ ਦਾ ਵਿਨਾਸ਼ ਕਰਨ ਵਾਲੇ ਇਸੇ ਵਿਕਾਸ ਮਾਡਲ ਨੂੰ ਹੋਰ ਜੋਰ ਸ਼ੋਰ ਨਾਲ ਲਾਗੂ ਕਰਨ ਦੇ ਵਾਅਦੇ ਕਰ ਰਹੀਆਂ ਹਨ। ਆਗੂਆਂ ਨੇ ਕਿਹਾ ਕਿ ਇਸ ਵਿਕਾਸ ਮਾਡਲ ਨੂੰ ਲਾਗੂ ਕਰਨ ਲਈ ਭਾਜਪਾਈ ਕੇਂਦਰੀ ਹਕੂਮਤ ਨੇ ਚਾਹੇ ਫਿਰਕੂ ਫਾਸ਼ੀ ਹੱਥਕੰਡਿਆਂ ਦਾ ਸਹਾਰਾ ਲਿਆ ਹੈ ਤੇ ਇਸ ਨੂੰ ਆਰਥਿਕ ਸੁਧਾਰਾਂ ਦੇ ਜੁੜਤ ਹੱਲੇ ਵਜੋਂ ਲਾਗੂ ਕੀਤਾ ਹੈ ਪਰ ਦੂਸਰੀਆਂ ਹਾਕਮ ਪਾਰਟੀਆਂ ਵੀ ਘੱਟ ਨਹੀਂ ਹਨ। ਪੰਜਾਬ ਦੀ ਆਪ ਸਰਕਾਰ ਨੇ ਵੀ ਪਹਿਲੀਆਂ ਸਰਕਾਰਾਂ ਵਾਲੇ ਲੋਕ ਦੋਖੀ ਮਾਡਲ ਨੂੰ ਹੀ ਅੱਗੇ ਵਧਾਇਆ ਹੈ।ਆਗੂਆਂ ਨੇ ਕਿਹਾ ਕਿ ਪਾਰਲੀਮੈਂਟ ਤੇ ਅਸੈਂਬਲੀਆਂ ਜੋਕਾਂ ਦੀਆਂ ਸੰਸਥਾਵਾਂ ਹਨ। ਇਹ ਲੋਕਾਂ ਦੀ ਪੁੱਗਤ ਦੇ ਅਦਾਰੇ ਨਹੀਂ ਹਨ। ਲੋਕ ਹੱਕਾਂ ਦੀ ਸੁਣਵਾਈ ਤਾਂ ਸੰਘਰਸ਼ਾਂ ਤੇ ਏਕੇ ਦੇ ਜ਼ੋਰ ਹੁੰਦੀ ਹੈ। ਇਸ ਲਈ ਜਥੇਬੰਦੀਆਂ ਵੱਲੋਂ ਸਾਂਝੇ ਤੌਰ 'ਤੇ ਪੰਜਾਬ ਦੇ ਲੋਕਾਂ ਮੂਹਰੇ ਇਹ ਸੰਦੇਸ਼ ਉਭਾਰਿਆ ਜਾਵੇਗਾ ਕਿ ਚੋਣਾਂ ਤੋਂ ਝਾਕ ਮੁਕਾ ਕੇ ਲੋਕ ਏਕੇ ਤੇ ਸੰਘਰਸ਼ ਦੇ ਜ਼ੋਰ ਆਪਣੀ ਪੁੱਗਤ ਤੇ ਵੁੱਕਤ ਬਣਾਉਣ ਦਾ ਰਾਹ ਫੜਨ। ਆਪਣੀਆਂ ਜਥੇਬੰਦੀਆਂ ਤੇ ਏਕੇ ਨੂੰ ਹੋਰ ਮਜਬੂਤ ਤੇ ਵਿਸ਼ਾਲ ਕਰਨ। ਵੋਟ ਪਾਰਟੀਆਂ ਤੇ ਹਾਕਮਾਂ ਦੀਆਂ ਸੰਸਥਾਵਾਂ ਤੋਂ ਨਿਰਭਰਤਾ ਮੁਕਾ ਕੇ ਆਪਣੀ ਜਥੇਬੰਦ ਤਾਕਤ 'ਚ ਭਰੋਸਾ ਡੂੰਘਾ ਕਰਨ। ਸਾਂਝੇ ਸੰਘਰਸ਼ ਉਸਾਰਨ ਤੇ ਇਹਨਾਂ ਦੀ ਧਾਰ ਸਾਮਰਾਜੀਆਂ, ਵੱਡੇ ਸਰਮਾਏਦਾਰਾਂ ਤੇ ਜਗੀਰਦਾਰਾਂ ਦੇ ਲੋਟੂ ਲਾਣੇ ਅਤੇ ਇਸਦੀ ਰਾਖੀ ਕਰਦੀਆਂ ਸਰਕਾਰਾਂ ਖ਼ਿਲਾਫ਼ ਸੇਧਤ ਕਰੋ। ਮੀਟਿੰਗ ਦੌਰਾਨ ਚੋਣਾਂ ਚ ਉਮੀਦਵਾਰਾਂ ਨੂੰ ਸਵਾਲ ਕਰਨ ਵਾਲੇ ਠੇਕਾ ਮੁਲਾਜ਼ਮਾਂ, ਕਿਸਾਨਾਂ ਤੇ ਮਜ਼ਦੂਰਾਂ ਨੂੰ ਘਰਾਂ ਚ ਨਜ਼ਰਬੰਦ ਕਰਨ ਅਤੇ ਪੁਲਿਸੀ ਨਾੜਾਂ ਦੇ ਜੋਰ ਰੋਕਣ ਵਾਲੇ ਵਿਹਾਰ ਦੀ ਸਖ਼ਤ ਨਿਖੇਧੀ ਕੀਤੀ ਗਈ।ਮੀਟਿੰਗ ਵਿੱਚ ਹਾਕਮ ਸਿੰਘ ਧਨੇਠਾ,ਝੰਡਾ ਸਿੰਘ ਜੇਠੂਕੇ, ਜੋਰਾ ਸਿੰਘ ਨਸਰਾਲੀ, ਰੇਸ਼ਮ ਸਿੰਘ, ਹਰਮੇਸ਼ ਮਾਲੜੀ, ਰਾਜੇਸ਼ ਕੁਮਾਰ, ਜਸਵੀਰ ਸਿੰਘ, ਪ੍ਰਗਟ ਸਿੰਘ, ਜਗਸੀਰ ਸਿੰਘ, ਜਗਜੀਤ ਸਿੰਘ , ਜਸਵਿੰਦਰ ਸਿੰਘ ਆਦਿ ਆਗੂ ਹਾਜਰ ਸਨ ।