ਬੀਬੀਐਨ ਨੈਟਵਰਕ ਪੰਜਾਬ, ਮੋਹਾਲੀ ਬਿਊਰੋ, 07 ਮਈ
ਚੰਡੀਗੜ੍ਹ ਦੇ ਅੰਬਾਲਾ ਰੋਡ 'ਤੇ ਗੁਲਿਸਤਾਨ ਮੈਰਿਜ ਪੈਲੇਸ ਸਾਹਮਣੇ ਮੰਗਲਵਾਰ ਸਵੇਰੇ 8 ਵਜੇ ਇਕ ਟਰੱਕ ਡਰਾਈਵਰ ਨੇ ਸਕੂਲ ਜਾ ਰਹੀ ਵਿਦਿਆਰਥਣ ਨੂੰ ਕੁਚਲ ਦਿੱਤਾ, ਜਿਸ ਕਾਰਨ 12 ਸਾਲਾ ਅਨੰਨਿਆ ਨਾਂ ਦੀ ਵਿਦਿਆਰਥਣ ਦੀ ਮੌਕੇ 'ਤੇ ਮੌਤ ਹੋ ਗਈ। ਐਕਟਿਵਾ ਚਲਾ ਰਹੀ ਮਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਮ੍ਰਿਤਕ ਲੜਕੀ ਅਨੰਨਿਆ ਆਪਣੀ ਮਾਂ ਪੁਸ਼ਪਾ ਨਾਲ ਐਕਟਿਵਾ 'ਤੇ ਸਕੂਲ ਜਾ ਰਹੀ ਸੀ। ਵਿਦਿਆਰਥC ਨਗਲਾ ਰੋਡ 'ਤੇ ਸਥਿਤ ਇਕ ਪ੍ਰਾਈਵੇਟ ਸਕੂਲ 'ਚ ਪੜ੍ਹਦੀ ਸੀ।ਮਾਂ ਐਕਟਿਵਾ ਚਲਾ ਰਹੀ ਸੀ ਤੇ ਧੀ ਪਿੱਛੇ ਬੈਠੀ ਸੀ। ਜਿਵੇਂ ਹੀ ਉਹ ਸਿੰਘਪੁਰਾ ਚੌਕ ਨੇੜੇ ਗੁਲਿਸਤਾਨ ਪੈਲੇਸ ਸਾਹਮਣੇ ਪਹੁੰਚੀ ਤੇ ਮੇਨ ਰੋਡ ਤੋਂ ਸਲਿਪ 'ਤੇ ਉਤਰਨ ਲੱਗਿਆਂ ਉਸ ਦੀ ਐਕਟਿਵਾ ਟਰੱਕ ਨਾਲ ਟਕਰਾ ਗਈ ਤੇ ਅਨੰਨਿਆ ਟਰੱਕ ਵੱਲ ਜਾ ਡਿੱਗੀ। ਦੇਖਦੇ ਹੀ ਦੇਖਦੇ ਟਰੱਕ ਦਾ ਪਿਛਲਾ ਟਾਇਰ ਲੜਕੀ ਦੇ ਸਿਰ 'ਤੇ ਚੜ੍ਹ ਗਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਲਾਂਕਿ ਜਦੋਂ ਮਾਂ ਸੜਕ ਦੇ ਦੂਜੇ ਪਾਸੇ ਡਿੱਗ ਗਈ ਤਾਂ ਉਸ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ। ਜ਼ਖਮੀ ਔਰਤ ਦਾ ਇਲਾਜ ਜਾਰੀ ਹੈ।ਫਿਲਹਾਲ ਲੜਕੀ ਦੀ ਲਾਸ਼ ਨੂੰ ਡੇਰਾਬਸੀ ਹਸਪਤਾਲ ਦੇ ਮੁਰਦਾਘਰ 'ਚ ਰਖਵਾਇਆ ਗਿਆ ਹੈ। ਪੁਲਿਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਟਰੱਕ ਚਾਲਕ ਨੂੰ ਕਾਬੂ ਕਰ ਲਿਆ ਅਤੇ ਟਰੱਕ ਨੂੰ ਕਬਜ਼ੇ ਵਿੱਚ ਲੈ ਲਿਆ। ਟਰੱਕ ਚਾਲਕ ਕਾਲੀ ਭੂਸ਼ਨ (23) ਵਾਸੀ ਜੰਮੂ ਨੇ ਦੱਸਿਆ ਕਿ ਉਹ ਬੱਦੀ ਤੋਂ ਅੰਬਾਲਾ ਸਰੀਆ ਛੱਡਣ ਜਾ ਰਿਹਾ ਸੀ। ਮੋੜ ਹੋਣ ਕਾਰਨ ਉਹ ਐਕਟਿਵਾ ਨਹੀਂ ਦੇਖ ਸਕਿਆ ਤੇ ਹਾਦਸਾ ਵਾਪਰ ਗਿਆ। ਪੁਲਿਸ ਨੇ ਟਰੱਕ ਚਾਲਕ ਨੂੰ ਹਿਰਾਸਤ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।