ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, 08 ਮਈ
ਪੰਜਾਬ ਦੇ ਵਿੱਚ ਚੋਣਾਂ ਦਾ ਮਾਹੌਲ ਬਣਿਆ ਹੋਇਆ ਹੈ, ਜਿੱਥੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਆਗੂ ਅਤੇ ਲੀਡਰ ਸਮੇਤ ਮੁੱਖ ਮੰਤਰੀ ਪੰਜਾਬ ਵੋਟਾਂ ਮੰਗਣ ਦੇ ਵਿੱਚ ਵਿਅਸਤ ਹਨ। ਉੱਥੇ ਹੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਮੰਡੀ ਬੋਰਡ ਪ੍ਰਸ਼ਾਸਨ ਚੋਣਾਂ ਦੀਆਂ ਡਿਊਟੀਆਂ ਦੇ ਕਾਰਨ ਵਿਅਸਤ ਨਜ਼ਰ ਆ ਰਿਹਾ ਹੈ। ਜਿਸ ਕਾਰਨ ਮੰਡੀਆਂ ਦੇ ਵਿੱਚ ਕਿਸਾਨਾਂ ਆੜਤੀਆਂ ਅਤੇ ਮਜ਼ਦੂਰਾਂ ਦਾ ਬੁਰਾ ਹਾਲ ਹੋ ਚੁੱਕਿਆ ਹੈ। ਜਿੱਥੇ ਜੇਕਰ ਅਨਾਜ ਮੰਡੀ ਕੱਟੂ ਦੀ ਗੱਲ ਕਰੀਏ ਤਾਂ ਉੱਥੇ ਲਿਫਟਿੰਗ ਨਾ ਹੋਣ ਦੇ ਕਾਰਨ ਕਣਕ ਦੀਆਂ ਬੋਰੀਆਂ ਦੇ ਢੇਰ ਲੱਗ ਚੁੱਕੇ ਹਨ। ਜਿਸ ਨੂੰ ਲੈ ਕੇ ਮਜ਼ਦੂਰ ਆੜਤੀਆਂ ਪ੍ਰੇਸ਼ਾਨ ਹਨ। ਉੱਥੇ ਹੀ ਕਿਸਾਨਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਮੌਸਮ ਦੀ ਖਰਾਬੀ ਦੱਸੀ ਗਈ ਹੈ। ਜਿਸ ਦੇ ਕਾਰਨ ਭਾਰੀ ਨੁਕਸਾਨ ਹੋ ਸਕਦਾ ਹੈ। ਇਸ ਮੌਕੇ ਬਰਨਾਲਾ ਦੇ ਆੜਤੀਆਂ ਭੁਪਿੰਦਰ ਸਰਪੰਚ ਨੇ ਕਿਹਾ ਕਿ ਮਜ਼ਦੂਰਾਂ ਅਤੇ ਆੜਤੀਆਂ ਸਮੇਤ ਲੋਕਾਂ ਨੂੰ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਕਿਉਂਕਿ ਅਨਾਜ ਮੰਡੀ ਕੱਟੂ ਦੇ ਵਿੱਚ ਲਿਫਟਿੰਗ ਦਾ ਬੁਰਾ ਹਾਲ ਹੈ ਜਿੱਥੇ ਕਈ ਕਈ ਹਫਤੇ ਤੱਕ ਵੀ ਲਿਫਟਿੰਗ ਦੀ ਰਫਤਾਰ ਕੱਛੂ ਚਾਲ ਚੱਲ ਰਹੀ ਹੈ। ਜਿਸ ਦੇ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਜੇਕਰ ਮੌਸਮ ਖਰਾਬ ਹੁੰਦਾ ਹੈ ਤਾਂ ਭਾਰੀ ਨੁਕਸਾਨ ਹੋ ਸਕਦਾ ਹੈ। ਉਹਨਾਂ ਪ੍ਰਸ਼ਾਸਨ ਅਤੇ ਸਰਕਾਰ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਲਿਫਟਿੰਗ ਕੀਤੀ ਜਾਵੇ ਅਤੇ ਲਿਫਟਿੰਗ ਦੀ ਰਫਤਾਰ ਤੇਜ਼ ਕੀਤੀ ਜਾਵੇ।