ਬੀਬੀਐਨ ਨੈਟਵਰਕ ਪੰਜਾਬ, ਸ੍ਰੀ ਅੰਮ੍ਰਿਤਸਰ ਸਾਹਿਬ ਬਿਊਰੋ, 9 ਮਈ
ਦਮਦਮੀ ਟਕਸਾਲ ਦੇ ਪ੍ਰਮੁੱਖ ਸੇਵਾਦਾਰ ਭਾਈ ਹਰਨਾਮ ਸਿੰਘ ਖਾਲਸਾ ਦੇ ਉਸ ਬਿਆਨ ’ਤੇ ਬਵਾਲ ਮਚ ਗਿਆ ਹੈ ਜਿਸ ਵਿਚ ਉਨ੍ਹਾਂ ਨੇ ਹਰੇਕ ਸਿੱਖ ਨੂੰ ਘੱਟੋ ਘੱਟ ਪੰਜ ਬੱਚੇ ਪੈਦਾ ਕਰਨ ਲਈ ਕਿਹਾ ਹੈ। ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਇਸ ਬਿਆਨ ਦਾ ਗੰਭੀਰ ਨੋਟਿਸ ਲੈਂਦੇ ਹੋਏ ਦੋ ਟੁੱਕ ਕਿਹਾ ਹੈ ਕਿ ਔਰਤ ਕੋਈ ਬੱਚੇ ਪੈਦਾ ਕਰਨ ਵਾਲੀ ਮਸ਼ੀਨ ਨਹੀਂ ਹੈ ਜੋ ਪੰਜ-ਪੰਜ ਬੱਚੇ ਪੈਦਾ ਕਰੇ। ਯਾਦ ਰਹੇ ਕਿ ਭਾਈ ਖਾਲਸਾ ਨੇ ਕਿਹਾ ਹੈ ਕਿ ਹਰੇਕ ਸਿੱਖ ਪਰਿਵਾਰ ਘੱਟੋ ਘੱਟ ਪੰਜ ਬੱਚੇ ਪੈਦਾ ਕਰਨ, ਜੇ ਪਰਿਵਾਰ ਉਨ੍ਹਾਂ ਦਾ ਪਾਲਣ-ਪੋਸ਼ਣ ਕਰ ਸਕਣ ਵਿਚ ਅਸਮਰੱਥ ਹੋਵੇਗਾ ਤਾਂ ਉਕਤ ਪਰਿਵਾਰ ਇਕ ਬੱਚਾ ਆਪਣੇ ਕੋਲ ਰੱਖ ਲਵੇ ਅਤੇ ਬਾਕੀ ਚਾਰ ਬੱਚੇ ਉਨ੍ਹਾਂ ਨੂੰ ਸੌਂਪ ਦੇਣ, ਉਹ ਉਨ੍ਹਾਂ ਦੀ ਪਾਲਣਾ-ਪੋਸ਼ਣਾ ਕਰਨਗੇ। ਖਾਲਸਾ ਨੇ ਕਿਹਾ ਕਿ ਉਹ ਉਕਤ ਬੱਚਿਆਂ ਨੂੰ ਗੁਰਮਤਿ ਸਿੱਖਿਆ ਦੇਣਗੇ। ਅਜਿਹੇ ਬੱਚਿਆਂ ਨੂੰ ਗੁਰੂ ਮਤ ਸਿੱਖਿਆ ਪ੍ਰਦਾਨ ਕਰ ਕੇ ਕਿਸੇ ਤਖਤ ਦਾ ਜਥੇਦਾਰ, ਗ੍ਰੰਥੀ ਜਾਂ ਵਿਦਵਾਨ ਬਣਾਉਣਗੇ। ਉਨ੍ਹਾਂ ਨੂੰ ਦੇਸ਼-ਵਿਦੇਸ਼ ਵਿਚ ਪਛਾਣ ਵੀ ਦਿਵਾਉਣਗੇ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੂੰ ਬੱਚਿਆਂ ਦੀ ਗਿਣਤੀ ਨੂੰ ਸੀਮਤ ਨਹੀਂ ਕਰਨਾ ਚਾਹੀਦਾ। ਸੂਬੇ ਵਿਚ ਸਿੱਖ ਆਬਾਦੀ ਕੇਵਲ 52 ਪ੍ਰਤੀਸ਼ਤ ਰਹਿ ਗਈ ਹੈ, ਬਾਕੀ ਆਬਾਦੀ ਪਰਵਾਸੀਆਂ ਦੀ ਹੈ। ਆਉਣ ਵਾਲੇ ਸਮੇਂ ਵਿਚ ਸਿੱਖ ਕੌਮ ਪੰਜਾਬ ਵਿਚ ਹੀ ਘੱਟ ਗਿਣਤੀ ਹੋ ਜਾਵੇਗੀ ਖਾਲਸਾ ਦੇ ਇਸ ਬਿਆਨ ’ਤੇ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਪਲਟਵਾਰ ਕਰਦਿਆਂ ਕਿਹਾ ਕਿ ਕੋਈ ਵੀ ਔਰਤ ਬੱਚੇ ਪੈਦਾ ਕਰਨ ਵਾਲੀ ਮਸ਼ੀਨ ਨਹੀਂ ਹੈ। ਇਹੀ ਨਹੀਂ ਜਿਸ ਪਰਿਵਾਰ ਨੇ ਬੱਚੇ ਪੈਦਾ ਕੀਤੇ ਹਨ, ਉਹ ਉਨ੍ਹਾਂ ਦੀ ਦੇਖਭਾਲ ਵੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਮੱਸਿਆ ਜ਼ਿਆਦਾ ਤੋਂ ਜ਼ਿਆਦਾ ਬੱਚੇ ਪੈਦਾ ਕਰਨ ਦੀ ਨਹੀਂ ਹੈ, ਬਲਕਿ ਚਿੰਤਾ ਇਹ ਹੈ ਕਿ ਬੱਚੇ ਵਿਦੇਸ਼ ਨੂੰ ਹਿਜ਼ਰਤ ਕਰ ਰਹੇ ਹਨ। ਪਰਿਵਾਰਕ ਮੈਂਬਰਾਂ ਨੂੰ ਚਾਹੀਦਾ ਹੈ ਕਿ ਉਹ ਦੇਸ਼ ਵਿਚ ਹੀ ਬੱਚਿਆਂ ਨੂੰ ਅਜਿਹੀ ਸਿੱਖਿਆ ਦਿਵਾਉਣ। ਉਨ੍ਹਾਂ ਕਿਹਾ ਕਿ ਰਾਜ ਵਿਚ ਕਾਬਲ ਵਿਦਿਆਰਰਥੀਆਂ ਲਈ ਨੌਕਰੀ ਦੀ ਕੋਈ ਕਮੀ ਨਹੀਂ ਹੈ।