ਬੀਬੀਐਨ ਨੈਟਵਰਕ ਪੰਜਾਬ, ਜਲੰਧਰ ਬਿਊਰੋ, 09 ਮਈ
ਵਿਦੇਸ਼ ਜਾਣ ਲਈ ਗ਼ੈਰ ਕਾਨੂੰਨੀ ਤਰੀਕਾ ਕਿੰਨਾ ਮਹਿੰਗਾ ਪੈ ਸਕਦਾ ਹੈ ਇਸ ਦਾ ਸਬੂਤ ਥਾਣਾ ਫਿਲੌਰ ਦੇ ਪਿੰਡ ਗੰਨਾ ਦੇ ਇਕ ਪਰਿਵਾਰ ਤੋਂ ਮਿਲਦੀ ਹੈ। ਇਸ ਪਰਿਵਾਰ ਨੇ ਏਜੰਟਾਂ ਨੂੰ ਲੱਖਾਂ ਰੁਪਏ ਦੇ ਕੇ ਆਪਣਾ ਇਕ ਮੈਂਬਰ ਜਰਮਨੀ ਭੇਜਿਆ ਪਰ ਡੌਂਕੀ ਲਗਾਉਂਦਿਆਂ ਉਸ ਦੀ ਰਸਤੇ ’ਚ ਹੀ ਮੌਤ ਹੋ ਗਈ। ਪਹਿਲਾਂ ਤਾਂ ਏਜੰਟਾਂ ਨੇ ਪਰਿਵਾਰ ਨੂੰ ਇਸ ਦੀ ਜਾਣਕਾਰੀ ਨਾ ਦਿੱਤੀ ਜਦੋਂ ਉਸ ਦੇ ਹੋਰ ਸਾਥੀਆਂ ਤੋਂ ਇਸ ਬਾਰੇ ਪਤਾ ਲੱਗਿਆ ਤਾਂ ਹੁਣ ਏਜੰਟ ਲਾਸ਼ ਪੰਜਾਬ ਭੇਜਣ ਲਈ ਚਾਰ ਲੱਖ ਰੁਪਏ ਹੋਰ ਮੰਗ ਰਹੇ ਹਨ। ਪਰਿਵਾਰ ਨੇ ਟਰੈਵਲ ਏਜੰਟਾਂ ਪੰਕਜ ਕੁਮਾਰ ਤੇ ਨਰੇਸ਼ ਕੁਮਾਰ ਵਾਸੀ ਜੰਮੂ ਖ਼ਿਲਾਫ਼ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ, ਜਿਸ ਦੇ ਆਧਾਰ ’ਤੇ ਪੁਲਿਸ ਨੇ ਕੇਸ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਫਿਲੌਰ ਅਧੀਨ ਪੈਂਦੇ ਗੰਨਾ ਪਿੰਡ ਵਾਸੀ ਧਰਮਿੰਦਰ ਕੁਮਾਰ ਨੇ ਦੱਸਿਆ ਕਿ ਉਸ ਦਾ ਭਰਾ ਮਹਿੰਦਰ ਪਾਲ (42) ਨੂੰ ਜਰਮਨੀ ਭੇਜਣ ਲਈ ਜੰਮੂ ਵਾਸੀ ਟਰੈਵਲ ਏਜੰਟਾਂ ਪੰਕਜ ਕੁਮਾਰ ਤੇ ਨਰੇਸ਼ ਕੁਮਾਰ 12.32 ਲੱਖ ਰੁਪਏ ਲਏ ਸਨ। ਉਨ੍ਹਾਂ ਨੇ ਮਹਿੰਦਰ ਪਾਲ ਨੂੰ ਪਹਿਲਾਂ ਰੂਸ ਭੇਜਿਆ। ਕੁੱਝ ਸਮਾਂ ਉੱਥੇ ਰੱਖਣ ਮਗਰੋਂ ਉਸ ਨੂੰ ਬੇਲਾ ਰੂਸ ਭੇਜ ਦਿੱਤਾ। ਉੱਥੇ ਅੱਗੇ ਡੌਂਕੀ ਰਾਹੀਂ ਜਰਮਨੀ ਜਾ ਰਹੇ ਸੀ ਕਿ ਰਸਤੇ ’ਚ ਹੀ ਉਸ ਦੀ ਮੌਤ ਹੋ ਗਈ ਪਰ ਏਜੰਟਾਂ ਨੇ ਪਰਿਵਾਰ ਨੂੰ ਇਸ ਦੀ ਸੂਚਨਾ ਨਹੀਂ ਦਿੱਤੀ। ਉਲਟਾ ਕਹਿੰਦੇ ਰਹੇ ਕਿ ਉਹ ਜਲਦੀ ਜਰਮਨ ਪੁੱਜ ਜਾਵੇਗਾ। ਪਰ ਉਸ ਨਾਲ ਜਾ ਰਹੇ ਹੋਰ ਸਾਥੀਆਂ ਨੇ ਫੋਨ ਰਾਹੀਂ ਮਹਿੰਦਰ ਦੀ ਮੌਤ ਦੀ ਜਾਣਕਾਰੀ ਦਿੱਤੀ। ਧਰਮਿੰਦਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਇਸ ਬਾਰੇ ਏਜੰਟਾਂ ਕੋਲੋਂ ਪੁੱਛਿਆ ਤਾਂ ਉਨ੍ਹਾਂ ਮਹਿੰਦਰ ਦੀ ਮ੍ਰਿਤਕ ਦੇਹ ਭਾਰਤ ਭੇਜਣ ਲਈ ਚਾਰ ਲੱਖ ਰੁਪਏ ਹੋ ਮੰਗੇ। ਜਦੋਂ ਉਨ੍ਹਾਂ ਅਸਮਰੱਥਾ ਪ੍ਰਗਟਾਈ ਤਾਂ ਹੁਣ ਏਜੰਟ ਫੋਨ ਨਹੀਂ ਚੁੱਕ ਰਹੇ।ਪਰਿਵਾਰ ਨੇ ਪੁਲਿਸ ਕੋਲ ਇਸ ਸਬੰਧੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਟਰੈਵਲ ਏਜੰਟਾਂ ਵਿਰੁੱਧ ਧਾਰਾ 406/420 ਆਈਪੀਸੀ ਤਹਿਤ ਕੇਸ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ। ਓਧਰ ਪਰਿਵਾਰ ਨੇ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਮਹਿੰਦਰ ਦੀ ਮਿ੍ਰਤਕ ਦੇਹ ਭਾਰਤ ਲਿਆਉਣ ’ਚ ਉਨ੍ਹਾਂ ਦੀ ਮਦਦ ਕੀਤੀ ਜਾਵੇ। ਉਸ ਦੇ ਪਰਿਵਾਰ ਪਤਨੀ ਸੀਮਾ ਤੇ ਤਿੰਨ ਬੱਚੇ ਹਨ।