ਬੀਬੀਐਨ ਨੈਟਵਰਕ ਪੰਜਾਬ, ਪਟਿਆਲਾ ਬਿਊਰੋ, 10 ਮਈ
ਮੱਛੀ ਪਾਲਣ ਵਿਭਾਗ ਦੇ ਸਹਾਇਕ ਡਾਇਰੈਕਟਰ ਕਰਮਜੀਤ ਸਿੰਘ ਨੇ ਮੱਛੀ ਪਾਲਕਾਂ ਨੂੰ ਹੀਟ ਵੇਵ ਤੋਂ ਮੱਛੀਆਂ ਦੀਆਂ ਬਚਾਅ ਕਰਨ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮੱਛੀ ਪਾਲਕ ਮੱਛੀ ਤਲਾਬ ਦੇ ਪਾਣੀ ਦਾ ਘੱਟੋ-ਘੱਟ 5-6 ਫੁੱਟ ਲੈਵਲ ਬਰਕਰਾਰ ਰੱਖਣ ਅਤੇ ਮੱਛੀ ਪਾਲਣ ਲਈ ਜ਼ਰੂਰੀ ਮਾਪਦੰਡਾਂ ਜਿਸ ਵਿੱਚ ਪੀ-ਐਚ 7.5 - 8.5, ਪਾਣੀ ਦਾ ਰੰਗ - ਹਲਕਾ ਹਰਾ, ਪਾਣੀ ਵਿੱਚ ਘੁਲ੍ਹੀ ਹੋਈ ਆਕਸੀਜਨ- 5 ਤੋ 10 ਪੀ.ਪੀ.ਐਮ, ਟੋਟਲ ਆਲਕਲੈਨਿਟੀ - 100-250 ਪੀ.ਪੀ.ਐਮ, ਟੋਟਲ ਹਾਰਡਨੈਸ - 200 ਪੀ.ਪੀ.ਐਮ ਤੋਂ ਘੱਟ ਅਤੇ ਅਮੋਨੀਆ - 0.1 ਪੀ.ਪੀ.ਐਮ ਤੋਂ ਘੱਟ ਹੋਵੇ।ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਨਿਰਧਾਰਿਤ ਮਾਤਰਾ ਤੋਂ ਵੱਧ ਖਾਦ ਅਤੇ ਖੁਰਾਕ ਇਸਤੇਮਾਲ ਨਾ ਕੀਤੀ ਜਾਵੇ, ਮੁਰਗੀਆਂ ਦੀਆਂ ਬਿੱਠਾਂ ਪਾਉਣ ਤੋਂ ਗੁਰੇਜ਼ ਕੀਤਾ ਜਾਵੇ, ਤਲਾਬ ਵਿੱਚ ਅਣਚਾਹੇ ਕੀਟਾਂ ਨੂੰ ਨਸ਼ਟ ਕਰਨ ਲਈ ਡੀਜ਼ਲ, ਮਿੱਟੀ ਦਾ ਤੇਲ, ਸਾਈਪਰਮਾਇਥਰੀਨ ਜਾਂ ਸਾਬਣ, ਤੇਲ ਇਮਲਸ਼ਨ ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਲੋੜ ਤੋਂ ਵੱਧ ਮੱਛੀ ਪੂੰਗ ਕਲਚਰ ਟੈਂਕ ਵਿੱਚ ਸਟਾਕ ਨਾ ਕੀਤਾ ਜਾਵੇ ਅਤੇ ਮੱਛੀ ਦੀ ਮਾਰਕੀਟਿੰਗ ਕਰਨ ਸਮੇਂ ਇਸਤੇਮਾਲ ਕੀਤੇ ਜਾਣ ਵਾਲੇ ਜਾਲਾਂ ਨੂੰ 5 ਤੋਂ 10 ਪੀ.ਪੀ.ਐਮ ਲਾਲ ਦਵਾਈ ਦੇ ਘੋਲ ਵਿੱਚ ਅੱਧੇ ਘੰਟੇ ਲਈ ਡੁਬੋ ਕੇ ਰੱਖੋ ਤਾਂ ਜੋ ਜਾਲਾਂ ਨਾਲ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਹੋ ਸਕੇ।ਉਨ੍ਹਾਂ ਕਿਹਾ ਕਿ ਸੈਂਪÇਲੰਗ ਰਾਹੀਂ, ਜੇਕਰ ਜੂੰਆਂ ਦਾ ਅਸਰ ਵੇਖਣ ਨੂੰ ਮਿਲੇ ਤਾਂ ਇਸ ਵਿੱਚ ਆਈਵਰਮੈਕਟਿਨ ਦਵਾਈ ਜਾਂ ਸਾਈਪਰਮਾਈਥਰੀਨ 10% ਸੀ.ਸੀ ਘੋਲ 50 ਐਮ.ਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਣੀ ਵਿੱਚ ਘੋਲ ਕੇ ਸਪਰੇਅ ਕੀਤਾ ਜਾਵੇ। ਇਸ ਵਿਧੀ ਨੂੰ ਹਰ ਹਫ਼ਤੇ ਦੁਹਰਾਇਆ ਜਾਵੇ। ਜ਼ਿਆਦਾ ਗਰਮੀ ਜਾਂ ਬੱਦਲਵਾਈ ਹੋਣ ਕਰਕੇ ਮੱਛੀ ਦੀ ਫੀਡ ਤੁਰੰਤ ਬੰਦ ਕਰ ਦੇਣੀ ਚਾਹੀਦੀ ਹੈ। ਤਲਾਬ ਵਿੱਚ ਤਾਜ਼ਾ ਪਾਣੀ ਪਾਉਣਾ ਚਾਹੀਦਾ ਹੈ। ਪਾਣੀ ਵਿੱਚ ਆਕਸੀਜਨ ਦੀ ਮਾਤਰਾ ਬਣਾਈ ਰੱਖਣ ਲਈ ਤਾਜ਼ਾ ਪਾਣੀ ਪਾਓ ਜਾਂ ਮਕੈਨੀਕਲ ਏਰੀਏਟਰ ਦੀ ਵਰਤੋ ਕੀਤੀ ਜਾਵੇ ਤਾਂ ਜੋ ਵਾਤਾਵਰਣ ਦੀ 21% ਆਕਸੀਜਨ ਦਾ ਕੁੱਝ ਹਿੱਸਾ ਪਾਣੀ ਵਿੱਚ ਘੁਲ ਜਾਵੇ। ਮੱਛੀ ਤਲਾਬ ਦੇ ਧਰਾਤਲ ਉੱਪਰ ਕਿਸੇ ਵੀ ਤਰਾਂ ਦੀ ਗਾਰ ਉਤਪੰਨ ਨਹੀਂ ਹੋਣ ਦੇਣੀ ਚਾਹੀਦੀ। ਮੱਛੀ ਪੂੰਗ ਦੀ ਸਟਾਕਿੰਗ ਸਵੇਰੇ ਜਾਂ ਸ਼ਾਮ ਨੂੰ ਹੀ ਕੀਤੀ ਜਾਵੇ। ਮੱਛੀ ਪੂੰਗ ਲਿਆਉਣ ਸਮੇਂ ਯੋਗ ਵਾਹਨ ਦੀ ਵਰਤੋ ਕੀਤੀ ਜਾਵੇ ਅਤੇ ਪੂੰਗ ਦਾ ਅਕਲੈਮੇਟਾਈਜ਼ ਹੋਣਾ ਜ਼ਰੂਰੀ ਹੈ। ਪੂੰਗ ਦੀ ਪੌਲੀਥੀਨ ਲਿਫਾਫਿਆਂ ਵਿੱਚ ਲੋੜ ਤੋਂ ਵੱਧ ਪੈਕਿੰਗ ਨਾ ਕੀਤੀ ਜਾਵੇ। ਪੂੰਗ ਸਟਾਕ ਕਰਨ ਤੋਂ ਪਹਿਲਾਂ ਤਲਾਬ ਦੇ ਪਾਣੀ ਦੇ ਮਾਪਦੰਡ ਯੋਗ ਹੋਣੇ ਚਾਹੀਦੇ ਹਨ। ਇਸ ਲਈ ਤਲਾਬ ਦੇ ਪਾਣੀ ਦੀ ਗੁਣਵੱਤਾ ਲਈ ਵਿਭਾਗੀ ਲੈਬਾਰਟਰੀਆਂ ਤੋਂ ਇਸ ਦੀ ਜਾਂਚ ਕਰਵਾ ਲੈਣੀ ਚਾਹੀਦੀ ਹੈ ਅਤੇ ਐਮਰਜੈਂਸੀ ਹੋਣ ਤੇ ਮੱਛੀ ਪਾਲਣ ਵਿਭਾਗ ਦੇ ਅਧਿਕਾਰੀਆਂ ਨਾਲ ਰਾਬਤਾ ਕਾਇਮ ਕੀਤਾ ਜਾਵੇ।