ਬੀਬੀਐਨ ਨੈਟਵਰਕ ਪੰਜਾਬ, ਸੰਗਰੂਰ ਬਿਊਰੋ, 10 ਮਈ
‘ਬੱਚਿਆਂ ਨੂੰ ਦੇ ਦਿੱਤਾ ਮਿਆਦ ਪੁੱਗਿਆ ਸਿਰਪ’ ਦਾ ਉਦੋਂ ਬਹੁਤ ਵੱਡਾ ਅਸਰ ਹੋਇਆ ਜਦੋਂ ਆਂਗਨਵਾੜੀ ਵਿਭਾਗ ਦੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸੰਗਰੂਰ ਪ੍ਰਦੀਪ ਸਿੰਘ ਗਿੱਲ ਨੇ ਸਬੰਧਤ ਆਂਗਨਵਾੜੀ ਵਰਕਰਾਂ ਦੀਆਂ ਸੇਵਾਵਾਂ ਸਮਾਪਤ ਕਰ ਦਿੱਤੀਆਂ ਹਨ।ਜ਼ਿਕਰਯੋਗ ਹੈ ਕਿ ਪਿੰਡ ਗੋਬਿੰਦਪੁਰਾ ਜਵਾਹਰ ਵਾਲਾ ਦੇ ਆਂਗਨਵਾੜੀ ਸੈਂਟਰ ਵਿਚ ਬੱਚਿਆਂ ਨੂੰ ਪਿਆਉਣ ਲਈ ਮਿਆਦ ਲੰਘ ਚੁੱਕਿਆ ਆਇਰਨ ਅਤੇ ਫੋਲਿਕ ਐਸਿਡ ਸਿਰਪ ਵੰਡ ਦਿੱਤਾ ਗਿਆ ਸੀ ਜਿਸ ਸਬੰਧੀ ਬੱਚਿਆਂ ਦਾ ਵੱਡੀ ਪੱਧਰ ’ਤੇ ਸਿਹਤ ਦਾ ਨੁਕਸਾਨ ਹੋ ਸਕਦਾ ਸੀ। ਇਸ ਸਬੰਧੀ ਅਖ਼ਬਾਰ ਵਿਚ ਲੱਗੀ ਖ਼ਬਰ ਨੂੰ ਭਾਂਪਦਿਆਂ ਜ਼ਿਲਾ ਪ੍ਰੋਗਰਾਮ ਅਫ਼ਸਰ ਨੇ ਪ੍ਰੱੈਸ ਨੋਟ ਰਾਹੀਂ ਦੱਸਿਆ ਕਿ 8 ਮਈ ਨੂੰ ਪਿੰਡ ਗੋਬਿੰਦਪੁਰਾ ਜਵਾਹਰਵਾਲਾ ਸੈਂਟਰ ਆਂਗਨਵਾੜੀ ਦਾ ਮਾਮਲਾ ਅਖ਼ਬਾਰਾਂ ਰਾਹੀਂ ਸਾਹਮਣੇ ਆਇਆ। ਉਨ੍ਹਾਂ ਮਾਮਲੇ ਦੀ ਪੜਤਾਲ ਕਰਨ ਹਿੱਤ ਸੀਡੀਪੀਓ ਲਹਿਰਾਗਾਗਾ ਨੂੰ ਨਿਰਦੇਸ਼ ਦਿੱਤੇ ਜਿਸ ਸਬੰਧੀ ਸੀਡੀਪੀਓ ਲਹਿਰਾ ਵੱਲੋਂ ਪੜਤਾਲ ਦੌਰਾਨ ਪਾਇਆ ਗਿਆ ਕਿ ਸਿਹਤ ਵਿਭਾਗ ਵੱਲੋਂ ਕਿਸੇ ਵੀ ਮਿਆਦ ਪੂਰੀ ਹੋ ਚੁੱਕੀ ਦਵਾਈ ਦੀ ਸਪਲਾਈ ਨਹੀਂ ਦਿੱਤੀ ਗਈ। ਸਬੰਧਤ ਆਂਗਨਵਾੜੀ ਵਰਕਰਾਂ ਵੱਲੋਂ ਹੀ ਅਣਗਹਿਲੀ ਵਰਤੀ ਗਈ ਅਤੇ ਪਹਿਲਾਂ ਪ੍ਰਾਪਤ ਦਵਾਈ ਦੀ ਸਪਲਾਈ ਦੀ ਖਪਤ ਸਮੇਂ ਸਿਰ ਨਹੀਂ ਕੀਤੀ ਅਤੇ ਮਿਆਦ ਪੂਰੀ ਹੋ ਜਾਣ ਉਪਰੰਤ ਦਵਾਈਆਂ ਦੀ ਵੰਡ ਕੀਤੀ ਗਈ।ਇਸ ਮਾਮਲੇ ਨੂੰ ਸਮਾਜਿਕ ਸੁਰੱਖਿਆ ਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਬਹੁਤ ਗੰਭੀਰਤਾ ਨਾਲ ਲਿਆ ਗਿਆ ਅਤੇ ਸਖ਼ਤੀ ਨਾਲ ਕਾਰਵਾਈ ਕਰਦੇ ਹੋਏ ਸਬੰਧਤ ਆਂਗਨਵਾੜੀ ਵਰਕਰਾਂ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸੰਗਰੂਰ ਵੱਲੋਂ ਸਮੂਹ ਆਂਗਨਵਾੜੀ ਵਰਕਰਾਂ ਨੂੰ ਵੀ ਤਾੜਨਾ ਕਰਦੇ ਹੋਏ ਨਿਰਦੇਸ਼ ਦਿੱਤੇ ਗਏ ਹਨ ਕਿ ਆਂਗਨਵਾੜੀ ਵਰਕਰਾਂ ਵੱਲੋਂ ਆਪਣੀਆਂ ਸੇਵਾਵਾਂ ਸਹੀ ਢੰਗ ਨਾਲ ਨਿਭਾਈਆਂ ਜਾਣ ਅਤੇ ਭਵਿੱਖ ਵਿਚ ਆਂਗਨਵਾੜੀ ਵਰਕਰਾਂ ਵੱਲੋਂ ਕਿਸੇ ਵੀ ਪ੍ਰਕਾਰ ਦੀ ਅਣਗਹਿਲੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਸਬੰਧੀ ਆਂਗਨਵਾੜੀ ਕੇਂਦਰ ਵਿਚ ਦਾਖ਼ਲ ਬੱਚਿਆਂ ਦੇ ਮਾਪਿਆਂ ਨੇ ‘ਪੰਜਾਬੀ ਜਾਗਰਣ’ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੱਤਰਕਾਰ ਨੇ ਉਨ੍ਹਾਂ ਦੀ ਤਕਲੀਫ ਅਖ਼ਬਾਰ ਵਿਚ ਉਜਾਗਰ ਕਰ ਕੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਹੈ।