ਬੀਬੀਐਨ ਨੈਟਵਰਕ ਪੰਜਾਬ, ਲੁਧਿਆਣਾ ਬਿਊਰੋ, 11 ਮਈ
ਹਲਕਾ ਗਿੱਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੇ ਬੇਟੇ ਦੇ ਵਿਆਹ ਸਮਾਰੋਹ ਦੌਰਾਨ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋਏ ਕੁਝ ਵਿਅਕਤੀਆਂ ਨੇ ਵਿਆਹ 'ਚ ਸ਼ਿਰਕਤ ਕਰਨ ਆਏ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਜਰਖੜ ਦੇ ਰਹਿਣ ਵਾਲੇ ਸਾਹਿਬਜੀਤ ਸਿੰਘ ਉਰਫ ਸਾਬੀ ਉੱਪਰ ਕਾਤਲਾਨਾ ਹਮਲਾ ਕਰ ਦਿੱਤਾl ਮੁਲਜ਼ਮਾਂ ਨੇ ਸਾਬੀ ਦੀ ਪੱਗ ਉਤਾਰ ਕੇ ਉਸ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰ ਕੇ ਉਸਨੂੰ ਲਹੂ ਲੁਹਾਨ ਕਰ ਦਿੱਤਾ l ਗੰਭੀਰ ਰੂਪ 'ਚ ਫੱਟੜ ਹੋਏ ਬਲਾਕ ਪ੍ਰਧਾਨ ਨੂੰ ਲਾਗੇ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸਦੀ ਹਾਲਤ ਜ਼ਿਆਦਾ ਖਰਾਬ ਹੁੰਦੀ ਦੇਖ ਡਾਕਟਰਾਂ ਨੇ ਦਇਆਨੰਦ ਹਸਪਤਾਲ ਰੈਫਰ ਕਰ ਦਿੱਤਾ lਇਸ ਮਾਮਲੇ 'ਚ ਥਾਣਾ ਸਦਰ ਦੀ ਪੁਲਿਸ ਨੇ ਪਿੰਡ ਬੁਲਾਰਾ ਦੇ ਰਹਿਣ ਵਾਲੇ ਚਰਨਜੀਤ ਸਿੰਘ ਤੇ ਦਸ ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰ ਕੇ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈl ਪੁਲਿਸ ਨੇ ਇਹ ਮੁਕੱਦਮਾ ਪਿੰਡ ਝਮਟ ਦੇ ਰਹਿਣ ਵਾਲੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੇ ਦਫਤਰ ਇੰਚਾਰਜ ਪਿੰਡ ਝਮੜ ਦੇ ਵਾਸੀ ਮਨਦੀਪ ਸਿੰਘ ਦੀ ਸ਼ਿਕਾਇਤ 'ਤੇ ਦਰਜ ਕੀਤਾ ਹੈ। ਥਾਣਾ ਸਦਰ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਮਨਦੀਪ ਸਿੰਘ ਨੇ ਦੱਸਿਆ ਕਿ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੇ ਘਰ 'ਚ ਉਨ੍ਹਾਂ ਦੇ ਬੇਟੇ ਦੇ ਵਿਆਹ ਸਮਾਰੋਹ ਦੌਰਾਨ ਜਾਗੋ ਦਾ ਪ੍ਰੋਗਰਾਮ ਰੱਖਿਆ ਗਿਆ ਸੀ l ਪ੍ਰੋਗਰਾਮ 'ਚ ਸ਼ਰੀਕ ਹੋਣ ਲਈ ਬਲਾਕ ਪ੍ਰਧਾਨ ਸਾਬੀ ਵੀ ਆਇਆ ਸੀ l ਕੁਝ ਸਮੇਂ ਬਾਅਦ ਸਾਬੀ ਜਿਵੇਂ ਹੀ ਪ੍ਰੋਗਰਾਮ 'ਚੋਂ ਬਾਹਰ ਨਿਕਲ ਕੇ ਗਲੀ 'ਚ ਗਿਆ ਤਾਂ ਚਰਨਜੀਤ ਸਿੰਘ ਅਤੇ ਦਸ ਦੇ ਕਰੀਬ ਹੋਰ ਵਿਅਕਤੀਆਂ ਨੇ ਉਸ ਨੂੰ ਘੇਰ ਲਿਆl ਤੇਜ਼ਧਾਰ ਹਥਿਆਰਾਂ ਨਾਲ ਲੈਸ ਮੁਲਜ਼ਮਾਂ ਨੇ ਲਲਕਾਰੇ ਮਾਰਨੇ ਸ਼ੁਰੂ ਕਰ ਦਿੱਤੇ ਤੇ ਸਾਬੀ ਦੀ ਪੱਗ ਉਤਾਰ ਦਿੱਤੀ l ਹਮਲਾਵਰਾਂ ਨੇ ਸਾਬੀ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰ ਕੇ ਉਸਨੂੰ ਫੱਟੜ ਕਰ ਦਿੱਤਾ। ਸਿਰ ਅਤੇ ਸਰੀਰ ਦੇ ਹੋਰ ਹਿੱਸਿਆਂ ਤੇ ਗੰਭੀਰ ਸੱਟਾਂ ਲੱਗਣ ਕਾਰਨ ਸਾਬੀ ਲਹੂ ਲੁਹਾਣ ਹੋ ਕੇ ਜ਼ਮੀਨ ਤੇ ਡਿੱਗ ਪਿਆ lਸ਼ਿਕਾਇਤਕਰਤਾ ਨੇ ਦੱਸਿਆ ਕਿ ਸਾਰਾ ਕੁਝ ਦੇਖਦੇ ਹੋਏ ਉਸਨੇ ਜਦ ਹਮਲਾਵਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਸ਼ਿਕਾਇਤਕਰਤਾ ਮਨਦੀਪ ਸਿੰਘ ਦੀ ਵੀ ਕੁੱਟਮਾਰ ਕੀਤੀ ਤੇ ਝਗੜੇ ਦੌਰਾਨ ਉਸਦੀ ਪੱਗ ਉਤਰ ਗਈ l ਬੇਹੋਸ਼ੀ ਦੀ ਹਾਲਤ 'ਚ ਸਾਬੀ ਦਇਆਨੰਦ ਹਸਪਤਾਲ ਦਾਖਲ ਹੈ l ਉਧਰ ਇਸ ਮਾਮਲੇ 'ਚ ਥਾਣਾ ਸਦਰ ਦੀ ਪੁਲਿਸ ਦਾ ਕਹਿਣਾ ਹੈ ਕਿ ਮਨਦੀਪ ਸਿੰਘ ਦੀ ਸ਼ਿਕਾਇਤ 'ਤੇ ਇਰਾਦਾ ਕਤਲ ਅਤੇ ਹੋਰ ਸੰਗੀਨ ਧਾਰਾਵਾਂ ਤਹਿਤ ਮੁਕਦਮਾ ਦਰਜ ਕਰ ਕੇ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ l