ਬੀਬੀਐਨ ਨੈਟਵਰਕ ਪੰਜਾਬ, ਬਰਨਾਲਾ ਬਿਊਰੋ, 11 ਮਈ
ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਕੌਂਸਲ ਵੱਲੋਂ ਆਬਾਦੀ ਸਬੰਧੀ ਅੰਕੜੇ ਜਾਰੀ ਕਰਨ ਦੀ ਖ਼ਬਰ ਨਸ਼ਰ ਹੋਈ ਹੈ। ਇਹ ਅੰਕੜੇ, ਦਿਨ ਦਿਹਾੜੇ ਬੋਲਿਆ ਗਿਆ ਚਿੱਟਾ ਝੂਠ ਹੈ। ਇਸ ਬਾਰੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ- ਡਕੌਂਦਾ ਦੇ ਸੂਬਾ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਧਨੇਰ, ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਅਤੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਕਿਹਾ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਅੰਕੜੇ 2011 ਦੀ ਮਰਦਮ ਸ਼ੁਮਾਰੀ ਦੇ ਹਨ ਜੋ ਕਿ 2015 ਵਿੱਚ ਜਾਰੀ ਕੀਤੇ ਗਏ ਸਨ। ਇਹਨਾਂ ਨੂੰ ਹੁਣ ਚੋਣਾਂ ਮੌਕੇ ਦੁਬਾਰਾ ਜਾਰੀ ਕਰਨ ਦੀ ਕੀ ਤੁਕ ਬਣਦੀ ਹੈ ? ਜਦੋਂ ਕਿ ਮੋਦੀ ਸਰਕਾਰ ਨੇ ਬੇਰੁਜ਼ਗਾਰਾਂ ਦੇ ਅੰਕੜੇ ਦੇਣੇ ਬੰਦ ਕੀਤੇ ਹੋਏ ਹਨ। ਖ਼ਬਰ ਵਿੱਚ ਲਿਖਿਆ ਗਿਆ ਹੈ ਕਿ 1951 ਤੋਂ 2015 ਤੱਕ ਦੇ ਅਰਸੇ ਦੌਰਾਨ ਮੁਸਲਮਾਨਾਂ ਦੀ ਆਬਾਦੀ 43 ਫੀਸਦ ਵਧੀ, ਹਿੰਦੂਆਂ ਦੀ ਆਬਾਦੀ 7.8 ਫੀਸਦ ਘਟੀ ਹੈ। ਇਹ ਸਾਰੀ ਕੈਲਕੂਲੇਸ਼ਨ ਮੁੱਢੋਂ ਗ਼ਲਤ ਹੈ ਅਤੇ ਦੇਸ਼ ਦੇ ਖ਼ਿਲਾਫ਼ ਇੱਕ ਸਾਜਿਸ਼ ਹੈ ਤਾਂ ਕਿ ਹਿੰਦੂਆਂ ਨੂੰ ਮੁਸਲਮਾਨਾਂ ਦੇ ਖ਼ਿਲਾਫ਼ ਭੜਕਾਇਆ ਜਾ ਸਕੇ ਅਤੇ ਭਾਰਤੀ ਜਨਤਾ ਪਾਰਟੀ ਆਪਣੀਆਂ ਵੋਟਾਂ ਪੱਕੀਆਂ ਕਰ ਸਕੇ। ਭਾਜਪਾ ਦੀਆਂ ਵੋਟਾਂ ਪੱਕੀਆਂ ਕਰਨ ਲਈ ਪ੍ਰਧਾਨ ਮੰਤਰੀ ਦੀ ਸਲਾਹਕਾਰ ਕੌਂਸਲ ਵੱਲੋਂ ਇੰਨੇ ਗਲਤ ਅੰਕੜੇ ਜਾਣ ਬੁੱਝ ਕੇ ਚੋਣਾਂ ਦੇ ਸਮੇਂ ਪੇਸ਼ ਕਰਨੇ ਬਹੁਤ ਵੱਡਾ ਗੁਨਾਹ ਹੈ। ਅਖ਼ਬਾਰ ਵਿੱਚ ਛਪੇ ਅੰਕੜਿਆਂ ਮੁਤਾਬਕ ਹੀ ਜੇਕਰ ਦੇਸ਼ ਵਿੱਚ ਆਬਾਦੀ ਦਾ ਧਰਮਾਂ ਮੁਤਾਬਕ ਹਿੱਸਾ ਦੇਖਣਾ ਹੋਵੇ ਤਾਂ ਇਸ ਸਮੇਂ ਵਿੱਚ ਮੁਸਲਮਾਨਾਂ ਦੀ ਆਬਾਦੀ 4.3 ਫੀਸਦ ਵਧੀ ਹੈ ਨਾਂ ਕਿ 43%। ਇਹਨਾਂ ਹੀ ਅੰਕੜਿਆਂ ਨੂੰ ਆਪਣੇ ਹਿਸਾਬ ਨਾਲ ਪੇਸ਼ ਕਰੀਏ ਤਾਂ 1951 ਤੋਂ ਲੈ ਕੇ 2011 ਤੱਕ ਹਿੰਦੂਆਂ ਦੀ ਆਬਾਦੀ ਵਿੱਚ 66 ਕਰੋੜ 26 ਲੱਖ ਦਾ ਵਾਧਾ ਹੋਇਆ ਅਤੇ ਮੁਸਲਮਾਨਾਂ ਦੀ ਆਬਾਦੀ ਵਿੱਚ 13 ਕਰੋੜ 68 ਲੱਖ। ਇਸ ਤਰ੍ਹਾਂ ਹਿੰਦੂਆਂ ਦੀ ਆਬਾਦੀ ਵਿੱਚ ਮੁਸਲਮਾਨਾਂ ਨਾਲੋਂ 52 ਕਰੋੜ 58 ਲੱਖ ਦਾ ਜ਼ਿਆਦਾ ਵਾਧਾ ਹੋਇਆ ਹੈ। ਇਹ ਅੰਕੜੇ ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਕੌਂਸਲ ਵੱਲੋਂ ਜਾਰੀ ਕੀਤੇ ਗਏ ਹਨ। ਸੁਆਲ ਇਹ ਹੈ ਕਿ ਆਰਥਿਕ ਸਲਾਹਕਾਰ ਕੌਂਸਲ ਵੱਲੋਂ ਅੰਕੜੇ, ਆਰਥਿਕਤਾ ਦੇ ਆਧਾਰ ਤੇ ਕਿਉਂ ਨਹੀਂ ਜਾਰੀ ਕੀਤੇ ਗਏ? ਧਰਮਾਂ ਦੇ ਆਧਾਰ ਤੇ ਕਿਉਂ ਕੀਤੇ ਗਏ? ਇਹ ਆਰਥਿਕ ਸਲਾਹਕਾਰ ਕੌਂਸਲ ਹੈ ਕਿ ਧਰਮਾਂ ਦੇ ਆਧਾਰ ਤੇ ਅੱਗ ਲਾਉਣ ਵਾਲੀ ਕੌਂਸਲ? ਜੇਕਰ ਆਰਥਿਕਤਾ ਅਨੁਸਾਰ ਆਬਾਦੀ ਦਾ ਵਾਧਾ ਨੋਟ ਕੀਤਾ ਜਾਵੇ ਤਾਂ ਪਤਾ ਲੱਗੇਗਾ ਕਿ ਸਮਾਜ ਦਾ ਧਨੀ ਅਤੇ ਮੱਧ ਵਰਗ, ਭਾਵੇਂ ਉਹ ਕਿਸੇ ਵੀ ਧਰਮ ਨਾਲ ਸਬੰਧਤ ਹੋਵੇ, ਉਨ੍ਹਾਂ ਨੇ ਆਬਾਦੀ ਦੀ ਵਾਧਾ ਦਰ ਤੇ ਕੰਟਰੋਲ ਕੀਤਾ ਹੈ। ਹਾਸ਼ੀਏ ਤੇ ਧੱਕੇ ਹੋਏ ਗ਼ਰੀਬ ਅਤੇ ਅਨਪੜ੍ਹ ਲੋਕਾਂ ਵਿੱਚ ਆਬਾਦੀ ਵਾਧੇ ਦੀ ਦਰ ਜ਼ਿਆਦਾ ਹੈ। ਇਸ ਲਈ ਜੇਕਰ ਆਬਾਦੀ ਤੇ ਕੰਟਰੋਲ ਕਰਨਾ ਹੈ ਤਾਂ ਲੋਕਾਂ ਦੀ ਗ਼ਰੀਬੀ ਅਤੇ ਅਨਪੜ੍ਹਤਾ ਦੂਰ ਕਰਨੀ ਹੋਵੇਗੀ, ਪਰ ਆਰਥਿਕ ਸਲਾਹਕਾਰ ਕੌਂਸਲ, ਗਰੀਬੀ ਅਤੇ ਅਨਪੜ੍ਹਤਾ ਦੂਰ ਕਰਨ ਬਾਰੇ ਨਹੀਂ ਸੋਚਦੀ ਸਗੋਂ ਲੋਕਾਂ ਨੂੰ ਧਰਮਾਂ ਦੇ ਆਧਾਰ ਤੇ ਲੜਾਉਣਾ ਚਾਹੁੰਦੀ ਹੈ। ਦੇਸ਼ ਦੀ ਇਸ ਤੋਂ ਵੱਡੀ ਬਦਕਿਸਮਤੀ ਕੀ ਹੋ ਸਕਦੀ ਹੈ?ਇਸੇ ਲਈ ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਹੈ ਕਿ ਭਾਜਪਾ ਦੇ ਪਾਪਾਂ ਦਾ ਘੜਾ ਭਰ ਗਿਆ ਹੈ ਅਤੇ ਲੋਕਾਂ ਨੂੰ ਸੱਦਾ ਦਿੱਤਾ ਹੈ,"ਭਾਜਪਾ ਦਾ ਪਰਦਾਫਾਸ਼ ਕਰੋ, ਵਿਰੋਧ ਕਰੋ ਅਤੇ ਸਜ਼ਾ ਦਿਉ।" ਭਾਕਿਯੂ ਏਕਤਾ -ਡਕੌਂਦਾ ਇਹ ਮੁਹਿੰਮ ਪੂਰੇ ਪੰਜਾਬ ਵਿੱਚ ਪੂਰੀ ਸਰਗਰਮੀ ਨਾਲ ਲੈਕੇ ਜਾ ਰਹੀ ਹੈ।