ਜਰਨਲਿਸਟ ਇੰਜ, ਸੋਨੂੰ ਉੱਪਲ, ਬੀਬੀਐਨ ਨੈੱਟਵਰਕ ਪੰਜਾਬ ਰੂਪਨਗਰ ਬਿਊਰੋ, 28ਸਤੰਬਰ
ਰੂਪਨਗਰ ਦੇ ਪੁਲ ਬਾਜ਼ਾਰ ’ਚ ਜਾਮਾ ਮਸਜਿਦ ਨੇੜੇ ਡੇਅਰੀ ਫਾਰਮ ’ਚ ਗਊਆਂ ਨਾਲ ਅਣਮਨੁੱਖੀ ਸਲੂਕ ਕੀਤਾ ਗਿਆ ਹੈ। ਹਮਲਾਵਰਾਂ ਨੇ ਗਾਵਾਂ ਨੂੰ ਤੇਜ਼ਧਾਰ ਚਾਕੂਆਂ ਨਾਲ ਜ਼ਖ਼ਮੀ ਕਰ ਦਿੱਤਾ। ਇਸ ’ਚ ਇੱਕ ਗਾਂ ਦੀ ਮੌਤ ਹੋ ਗਈ। ਸੱਤ ਗਾਵਾਂ ਗੰਭੀਰ ਜ਼ਖ਼ਮੀ ਹੋ ਗਈਆਂ ਹਨ। ਹਮਲਾਵਰਾਂ ਨੇ ਗਾਂ ਦੇ ਪੇਟ ’ਚ ਚਾਕੂ ਛੱਡ ਦਿੱਤਾ। ਗਾਂ ਨੂੰ ਤੁਰੰਤ ਪੋਲੀ ਕਲੀਨਿਕ ਲਿਜਾਇਆ ਗਿਆ, ਉਸ ਦਾ ਚਾਕੂ ਕੱਢ ਲਿਆ ਗਿਆ ਤੇ ਪੱਟੀ ਲਗਾਈ ਗਈ। ਬਾਕੀ ਜ਼ਖ਼ਮੀ ਗਊਆਂ ਦਾ ਡੇਅਰੀ ’ਚ ਹੀ ਇਲਾਜ ਕਰਵਾਇਆ ਗਿਆ।ਇਸ ਤਰ੍ਹਾਂ ਗਾਵਾਂ 'ਤੇ ਅੱਤਿਆਚਾਰ ਕਰ ਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸ੍ਰੀ ਸਨਾਤਨ ਧਰਮ ਸਭਾ, ਸੰਯੁਕਤ ਗਊ ਰਕਸ਼ਾ ਦਲ, ਗਊ ਰਕਸ਼ਾ ਦਲ ਪੰਜਾਬ ਸਮੇਤ ਦਰਜਨਾਂ ਜਥੇਬੰਦੀਆਂ ਨੇ ਅਲਟੀਮੇਟਮ ਦਿੱਤਾ ਹੈ ਕਿ ਪੁਲਿਸ 48 ਘੰਟਿਆਂ ’ਚ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਕਾਰਵਾਈ ਕਰੇ। ਜੇਕਰ ਦੋਸ਼ੀਆਂ ਨੂੰ ਜਲਦੀ ਨਾ ਫੜਿਆ ਗਿਆ ਤਾਂ ਹਿੰਦੂ ਅਤੇ ਹੋਰ ਸਮੂਹ ਜਥੇਬੰਦੀਆਂ ਨੂੰ ਸੰਘਰਸ਼ ਦਾ ਰਾਹ ਅਪਣਾਉਣਾ ਪਵੇਗਾ। ਨਗਰ ਕੌਂਸਲ ਦੇ ਪ੍ਰਧਾਨ ਸੰਜੇ ਵਰਮਾ ਬੇਲੇ ਵਾਲੇ, ਸਾਬਕਾ ਪ੍ਰਧਾਨ ਅਸ਼ੋਕ ਵਾਹੀ ਤੇ ਇੰਦਰਸੈਨ ਛੱਤਵਾਲ ਨੇ ਕਿਹਾ ਕਿ ਪੁਲਿਸ ਨੂੰ ਆਪਣੀ ਜਾਂਚ ’ਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦੇਣਾ ਚਾਹੀਦਾ ਹੈ। ਤਾਂ ਜੋ ਜਥੇਬੰਦੀਆਂ ਵਿੱਚ ਫੈਲੇ ਰੋਹ ਨੂੰ ਸ਼ਾਂਤ ਕੀਤਾ ਜਾ ਸਕੇ। ਇਸ ਮੌਕੇ ਪੁੱਜੇ ਪੰਜਾਬੀ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਅਤੇ ਆਲ ਹਿਊਮਨ ਰਾਈਟਸ ਦੇ ਪ੍ਰਧਾਨ ਡਾ. ਦਵਿੰਦਰ ਬਜਾੜ ਨੇ ਕਿਹਾ ਕਿ ਇਸ ਤੋਂ ਪਹਿਲਾਂ ਨੂਰਪੁਰਬੇਦੀ ਇਲਾਕੇ ’ਚ ਮੱਝਾਂ ਚੋਰੀ ਦੀਆਂ ਘਟਨਾਵਾਂ ਨਾਲ ਇਲਾਕੇ ਵਿਚ ਦਹਿਸ਼ਤ ਫੈਲ ਗਈ ਸੀ ਅਤੇ ਪੁਲਿਸ ਨੇ ਇਸ ਮਾਮਲੇ ਵਿਚ ਹਾਂ-ਪੱਖੀ ਰਵੱਈਆ ਅਪਣਾਉਂਦੇ ਹੋਏ ਜਾਂਚ ਕੀਤੀ,ਉਮੀਦ ਹੈ ਕਿ ਪੁਲਿਸ ਜਲਦ ਹੀ ਦੋਸ਼ੀਆਂ ਨੂੰ ਫੜ ਲਵੇਗੀ।