ਜਰਨਲਿਸਟ ਇੰਜ, ਸੋਨੂੰ ਉੱਪਲ, ਬੀਬੀਐਨ ਨੈੱਟਵਰਕ ਪੰਜਾਬ ਫਿਰੋਜ਼ਪੁਰ ਬਿਊਰੋ, 30ਸਤੰਬਰ
ਦੇਸ਼ ਦੀ ਸੱਭ ਤੋਂ ਵੱਡੀ ਪਾਰਟੀ ਭਾਜਪਾ ਪੰਜਾਬ ਦੀਆਂ ਪੰਚਾਇਤੀ ਚੋਣਾਂ ’ਚੋਂ ਹੀ ਬਾਹਰ ਹੁੰਦੀ ਨਜ਼ਰ ਆ ਰਹੀ ਹੈ। ਪਹਿਲਾਂ ਹੀ ਕਿਸਾਨ ਜਥੇਬੰਦੀਆਂ ਦੇ ਵਿਰੋਧ ਦਾ ਸਾਹਮਣਾ ਕਰ ਰਹੀ ਭਾਜਪਾ ਹੁਣ ‘ਟਕਸਾਲੀ ਅਤੇ ਬਾਹਰੀ’ ਭਾਜਪਾਈਆਂ ਦੇ ਰੇੜਕੇ ’ਚ ਫਸੀ ਹੋਈ ਹੈ। ਸ਼ਾਇਦ ਇਹੋ ਕਾਰਨ ਹੈ ਕਿ ਭਾਜਪਾ ਨੂੰ ਜ਼ਿਆਦਾਤਰ ਪਿੰਡਾਂ ’ਚੋਂ ਚੋਣ ਲੜਨ ਦਾ ਚਾਹਵਾਨ ਕੋਈ ਉਮੀਦਵਾਰ ਹੀ ਨਹੀਂ ਮਿਲ ਰਿਹਾ ਹੈ। ਉਧਰ ਜ਼ਿੰਮੇਵਾਰੀ ਤੋਂ ਬਚਦੇ ਜ਼ਿਆਦਾਤਰ ਸੀਨੀਅਰ ਭਾਜਪਾਈ ਇਲਾਕੇ ’ਚ ਹੀ ਨਜ਼ਰ ਆਉਣ ਦੀ ਬਜਾਏ ਅਖ਼ਬਾਰੀ ਬਿਆਨਾਂ ਜ਼ਰੀਏ ਆਪਣੀ ਹਾਜ਼ਰੀ ਲਗਵਾ ਕੇ ਸੱਚੇ ਹੋ ਰਹੇ ਹਨ। ਇਥੇ ਹਾਸੇ ਵਾਲੀ ਗੱਲ ਇਹ ਹੋਈ ਕਿ ਬੀਤੀਆਂ ਪਾਰਲੀਮੈਂਟ ਚੋਣਾਂ ਵਿਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਆਦਾਤਰ ਸਾਬਕਾ ਜ਼ਿਲ੍ਹਾ ਪ੍ਰਧਾਨਾਂ ਅਤੇ ਅਹੁਦੇਦਾਰਾਂ ਦੇ ਬੂਥਾਂ ਤੋਂ ਵੀ ਭਾਜਪਾ ਨੂੰ ਘੱਟ ਵੋਟਾਂ ਮਿਲੀਆਂ ਸਨ। ਸ਼ਾਇਦ ਇਹੋ ਕਾਰਨ ਹੈ ਕਿ ਭਾਜਪਾ ਸਰਪੰਚੀ ਚੋਣਾਂ ’ਚ ਆਪਣੇ ਬੰਦੇ ਖੜ੍ਹੇ ਕਰਨ ਦੀ ਬਜਾਏ ‘ਚੁੱਲ੍ਹਾ ਟੈਕਸ ਜਾਂ ਐੱਨਓਸੀ’ ਦਾ ਬਹਾਨਾ ਬਣਾ ਕੇ ‘ਬਾਈਪਾਸ’ ਨਿਕਲਣ ਦੇ ਮੂਡ ’ਚ ਨਜ਼ਰ ਆ ਰਹੀ ਹੈ। ਇਥੇ ਦੱਸਣਯੋਗ ਹੈ ਕਿ ਭਾਵੇਂ ਪੰਚਾਇਤੀ ਚੋਣਾਂ ਲਈ ਜ਼ਿਲ੍ਹਾ ਭਾਜਪਾ ਵੱਲੋਂ ਕੋਈ ਮੀਟਿੰਗ ਤੱਕ ਨਹੀਂ ਕੀਤੀ ਗਈ ਹੈ, ਪਰ ਬੀਤੇ ਦਿਨੀਂ ਪਾਰਟੀ ਵੱਲੋਂ ਚਲਾਈ ਗਈ ਮੈਂਬਰਸ਼ਿਪ ਮੁਹਿੰਮ ਲਈ ਕੀਤੀਆਂ ਗਈਆਂ ਮੀਟਿੰਗਾਂ ਵਿਚ ਵੀ ਟਕਸਾਲੀ ਤੇ ਬਾਹਰੀ ਦੱਸੇ ਜਾਂਦੇ ਭਾਜਪਾਈਆਂ ਦੀ ਤਕਰਾਰ ਨਾਲ ਮੀਟਿੰਗ ਖ਼ਤਮ ਹੁੰਦੀ ਰਹੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਚੋਣਾਂ ’ਚ ਐੱਨਓਸੀ ਜਾਂ ਚੁੱਲ੍ਹਾ ਟੈਕਸ ਨਾ ਦਿੱਤੇ ਜਾਣ ਨੂੰ ਲੈ ਕੇ ਕਾਂਗਰਸੀ ਅਤੇ ਸ਼੍ਰੋਮਣੀ ਅਕਾਲੀ ਦਲ ਰੋਸ ਪ੍ਰਦਰਸ਼ਨ ਕਰ ਕੇ ਵਿਰੋਧ ਤਾਂ ਜਤਾ ਚੁੱਕੇ ਹਨ, ਜਦਕਿ ਆਪਣੇ ਬੇਗਾਨਿਆਂ ਦੇ ਗੇੜ ’ਚ ਫਸੀ ਭਾਜਪਾ ਅਜੇ ਕੋਈ ਫ਼ੈਸਲਾ ਹੀ ਨਹੀਂ ਲੈ ਸਕੀ ਹੈ। ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਪਾਰਟੀ ਵੱਲੋਂ ਨਾ ਤਾਂ ਕੋਈ ਮੀਟਿੰਗ ਕੀਤੀ ਗਈ ਹੈ ਅਤੇ ਨਾ ਹੀ ਕਿਸੇ ਨੂੰ ਡਿਊਟੀ ’ਤੇ ਨਿਯੁਕਤ ਕੀਤਾ ਗਿਆ ਹੈ। ਭਾਜਪਾ ਦੇ ਛੋਟੇ ਵੱਡੇ ਹਰ ਲੀਡਰ ਆਪੋ ਆਪਣੇ ਘੋੜੇ ਭਜਾ ਰਹੇ ਹਨ। ਪੇਂਡੂ ਖੇਤਰਾਂ ’ਚ ਭਾਜਪਾ ਦਾ ਵੋਟ ਬੈਂਕ ਪਹਿਲਾਂ ਹੀ ਹੇਠਲੇ ਪੱਧਰ ’ਤੇ ਹੈ ਅਤੇ ਅਜਿਹੇ ਵਿਚ ਪਿੰਡਾਂ ’ਚ ਆਪਣੇ ਵਰਕਰਾਂ ਜਾਂ ਆਗੂਆਂ ਨੂੰ ਸਰਪੰਚ ਬਣਾਉਣ ਦੀ ਥਾਂ ਪਾਰਟੀ ਆਗੂ ਸਿਰਫ਼ ਅਖ਼ਬਾਰੀ ਬਿਆਨਬਾਜ਼ੀ ਤੱਕ ਹੀ ਸੀਮਤ ਨਜ਼ਰ ਆ ਰਹੇ ਹਨ। ਪਿੰਡਾਂ ਵਿਚ ਭਾਜਪਾ ਪਹਿਲੋਂ ਨਾਲੋਂ ਵੀ ਪੱਛੜਦੀ ਨਜ਼ਰ ਆ ਰਹੀ ਹੈ।