ਜਰਨਲਿਸਟ ਇੰਜ, ਸੋਨੂੰ ਉੱਪਲ, ਬੀਬੀਐਨ ਨੈੱਟਵਰਕ ਪੰਜਾਬ ਪਟਿਆਲਾ ਬਿਊਰੋ, 1 ਅਕਤੂਬਰ
ਬਲਾਕ ਭੁਨਰਹੇੜੀ ਦੇ ਬੀਡੀਪੀਓ ਦਫਤਰ 'ਚ ਹੰਗਾਮਾ ਹੋ ਗਿਆ। ਇਸ ਦੌਰਾਨ ਸਰਪੰਚੀ ਦੇ ਉਮੀਦਵਾਰ ਵਲੋਂ ਬੀਡੀਪੀਓ 'ਤੇ ਕੰਮ ਨਾ ਕਰਨ ਦਾ ਦੋਸ਼ ਲਗਾਇਆ ਅਤੇ ਦਫਤਰ ਦੇ ਬਾਹਰ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਜਿਸਦੇ ਜਵਾਬ 'ਚ ਬੀਡੀਪੀਓ ਨੇ ਤੈਸ਼ 'ਚ ਆ ਕੇ ਉਮੀਦਵਾਰ ਨੂੰ ਥਾਣੇ 'ਚ ਡੱਕ ਦੇਣ ਦੀ ਧਮਕੀ ਦਿੱਤੀ। ਇਸ ਦੌਰਾਨ ਦੋਵਾਂ ਵਲੋਂ ਇਕ-ਦੂਜੇ ਲਈ ਭੱਦੀ ਸ਼ਬਦਾਵਲੀ ਵੀ ਵਰਤੀ ਗਈ। ਮਾਮਲਾ ਸੋਮਵਾਰ ਦਾ ਦੱਸਿਆ ਜਾ ਰਿਹਾ ਹੈ ਜਿਸਦੀ ਵੀਡਿਓ ਵੀ ਵਾਇਰਲ ਹੋ ਗਈ ਹੈ।ਸੂਤਰਾਂ ਅਨੁਸਾਰ ਪਿੰਡ ਜਲਵੇੜਾ ਦਾ ਇਕ ਵਿਅਕਤੀ ਐਨਓਸੀ ਲੈਣ ਦੇ ਸਬੰਧ 'ਚ ਦਫਤਰ ਆਇਆ ਸੀ ਪਰ ਇਥੇ ਕੰਮ 'ਚ ਦੇਰੀ ਹੋਣ ਕਰਕੇ ਰੌਲਾ ਸ਼ੁਰੂ ਹੋਇਆ ਸੀ। ਦੇਖਦੇ-ਦੇਖਦੇ ਬੀਡੀਪੀਓ ਵੀ ਰੌਲਾ ਪਾਉਣ ਵਾਲੇ ਵਿਅਕਤੀ ਨੂੰ ਸਿੱਧਾ ਹੋ ਗਿਆ। ਇਸ ਮਾਮਲੇ ਬਾਰੇ ਬੀਡੀਪੀਓ ਬਲਾਕ ਭੁਨਰਹੇੜੀ ਮੋਹਿੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਵਿਅਕਤੀ ਰੌਲਾ ਪਾਉਂਦਾ ਦਫਤਰ 'ਚ ਆਇਆ ਤੇ ਸਰਕਾਰੀ ਕਾਗਜ਼ ਖਿਲਾਰ ਕੇ ਮਾੜਾ ਬੋਲਣਾ ਸ਼ੁਰੂ ਕਰ ਦਿੱਤਾ। ਇਸ ਬਾਰੇ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ।