ਜਰਨਲਿਸਟ ਇੰਜ, ਸੋਨੂੰ ਉੱਪਲ, ਬੀਬੀਐਨ ਨੈੱਟਵਰਕ ਪੰਜਾਬ ਜਲੰਧਰ ਬਿਊਰੋ, 5 ਅਕਤੂਬਰ
ਦੋ ਸਾਲ ਪਹਿਲਾਂ ਸਟੱਡੀ ਵੀਜ਼ਾ ’ਤੇ ਅਮਰੀਕਾ ਗਏ ਪਾਰਸ ਅਸਟੇਟ ਬਸਤੀ ਪੀਰ ਦਾਦ ਦੇ ਰਹਿਣ ਵਾਲੇ ਉਤਕਰਸ਼ ਮੁੰਜਾਲ ਦੀ ਅਮਰੀਕਾ ’ਚ ਸੜਕ ਹਾਦਸੇ ’ਚ ਮੌਤ ਹੋ ਗਈ। ਅਮਰੀਕੀ ਸਮੇਂ ਮੁਤਾਬਕ 29 ਸਤੰਬਰ ਨੂੰ ਸ਼ਾਮ 6:30 ਵਜੇ ਫਲਾਈਓਵਰ ’ਤੇ ਇਕ ਕਾਰ ਪਲਟ ਜਾਣ ਕਾਰਨ ਸੜਕ ਹਾਦਸਾ ਵਾਪਰ ਗਿਆ। ਜਾਣਕਾਰੀ ਅਨੁਸਾਰ ਘਰ ਵਿਚ ਮ੍ਰਿਤਕ ਦਾ ਵੱਡਾ ਭਰਾ ਉਤਸਵ ਤੇ ਮਾਤਾ-ਪਿਤਾ ਹਨ। ਭਰਾ ਪਿਛਲੇ ਪੰਜ ਸਾਲਾਂ ਤੋਂ ਕੈਨੇਡਾ ਵਿਚ ਰਹਿ ਰਿਹਾ ਹੈ। ਵੱਡੇ ਭਰਾ ਉਤਸਵ ਦਾ ਕੈਨੇਡਾ ਤੋਂ ਅਮਰੀਕਾ ਪਹੁੰਚਣ ਤੋਂ ਬਾਅਦ ਵੀਰਵਾਰ ਨੂੰ ਭਾਰਤੀ ਸਮੇਂ ਅਨੁਸਾਰ ਦੁਪਹਿਰ 1:30 ਵਜੇ ਉਤਕਰਸ਼ ਦਾ ਸਸਕਾਰ ਕਰ ਦਿੱਤਾ ਗਿਆ। ਮਾਤਾ-ਪਿਤਾ ਭਾਰਤ ਤੋਂ ਅਮਰੀਕਾ ਨਹੀਂ ਜਾ ਸਕਦੇ ਸਨ, ਇਸ ਲਈ ਉਨ੍ਹਾਂ ਨੇ ਵੀਡੀਓ ਕਾਲ ਰਾਹੀਂ ਹੰਝੂ ਭਰੀਆਂ ਅੱਖਾਂ ਨਾਲ ਆਪਣੇ ਪੁੱਤਰ ਨੂੰ ਵਿਦਾਈ ਦਿੱਤੀ। ਹਾਦਸੇ ਦੀ ਸੂਚਨਾ ਮਿਲਦੇ ਹੀ ਜਲੰਧਰ ’ਚ ਰਹਿੰਦੇ ਮੁੰਜਾਲ ਪਰਿਵਾਰ ਤੇ ਰਿਸ਼ਤੇਦਾਰਾਂ ’ਚ ਸੋਗ ਦੀ ਲਹਿਰ ਦੌੜ ਗਈ।