ਭਗਵਾਨ ਸ੍ਰੀ ਰਾਮ ਅੱਗੇ ਬਰਨਾਲਾ ਅਤੇ ਪੰਜਾਬ ਵਾਸੀਆਂ ਦੇ ਭਲੇ ਦੀ ਕੀਤੀ ਪੂਜਾ ਅਰਚਨਾ
ਜਰਨਲਿਸਟ ਇੰਜ, ਸੋਨੂੰ ਉੱਪਲ, ਬੀਬੀਐਨ ਨੈੱਟਵਰਕ ਪੰਜਾਬ, ਚੰਡੀਗੜ੍ਹ ਬਿਊਰੋ, 31 ਅਕਤੂਬਰ
ਦੀਵਾਲੀ ਦੇ ਸ਼ੁੱਭ ਦਿਹਾੜੇ ਮੌਕੇ ਬਰਨਾਲਾ ਵਿਧਾਨ ਸਭਾ ਜ਼ਿਮਨੀ ਚੋਣ ਲਈ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਸਾਬਕਾ ਵਿਧਾਇਕ ਵਲੋਂ ਅਯੁੱਧਿਆ ਵਿਖੇ ਭਗਵਾਨ ਸ੍ਰੀ ਰਾਮ ਦੇ ਜਨਮ ਅਸਥਾਨ ਪਵਿੱਤਰ ਸ੍ਰੀ ਰਾਮ ਮੰਦਰ ਦੇ ਦਰਸ਼ਨ ਕੀਤੇ ਗਏ। ਉਹਨਾਂ ਇਸ ਦੌਰਾਨ ਮੰਦਰ ਵਿੱਚ ਵਿੱਚ ਮੱਥਾ ਟੇਕਿਆ ਅਤੇ ਰਾਮ ਭਗਵਾਨ ਅੱਗੇ ਸਰਬੱਤ ਦੇ ਭਲੇ ਦੀ ਪੂਜਾ ਅਰਚਨਾ ਕੀਤੀ। ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਅੱਜ ਦੀਵਾਲੀ ਦੇ ਪਵਿੱਤਰ ਦਿਨ ਸ੍ਰੀ ਰਾਮ ਮੰਦਰ ਵਿਖੇ ਨਤਮਸਤਕ ਹੋਣਾ ਅਤੇ ਮੱਥਾ ਟੇਕਣਾ ਮੇਰੇ ਲਈ ਬਹੁਤ ਸ਼ੁਭਾਗ ਭਰਿਆ ਹੈ। ਇਹ ਬਹੁਤ ਹੀ ਪਵਿੱਤਰ ਅਸਥਾਨ ਹੈ ਅਤੇ ਇਸ ਨਾਲ ਸਾਡੀਆਂ ਬਹੁਤ ਸਾਰੀਆਂ ਆਸਥਾਵਾਂ ਜੁੜੀਆਂ ਹੋਈਆਂ ਹਨ ਅਤੇ ਮੈਂ ਇਹ ਮੌਕਾ ਪ੍ਰਾਪਤ ਕਰਕੇ ਆਪਣੇ ਆਪ ਨੂੰ ਖੁਸ਼ਕਿਸਮਤ ਮਹਿਸੂਸ ਕਰਦਾ ਹਾਂ। ਉਹਨਾਂ ਕਿਹਾ ਕਿ ਅੱਜ ਦੇ ਦਿਨ ਭਗਵਾਨ ਸ੍ਰੀ ਰਾਮ ਬਨਵਾਸ ਕੱਟ ਕੇ ਅਯੁੱਧਿਆ ਵਾਪਸ ਆਪਣੇ ਘਰ ਪਰਤੇ ਸਨ ਜਿਸ ਕਰਕੇ ਅੱਜ ਦੇ ਦਿਨ ਉਹਨਾਂ ਦੇ ਪਵਿੱਤਰ ਅਸਥਾਨ ’ਤੇ ਮੱਥਾ ਟੇਕਣਾ ਅਤੇ ਭਗਵਾਨ ਦੇ ਦਰਸ਼ਨ ਕਰਨੇ ਬਹੁਤ ਖੁਸ਼ਕਿਸ਼ਮਤੀ ਵਾਲੀ ਗੱਲ ਹੈ। ਕੇਵਲ ਢਿੱਲੋਂ ਨੇ ਕਿਹਾ ਕਿ ਮੈਂ ਰਾਮ ਲੱਲਾ ਜੀ ਅੱਗੇ ਬਰਨਾਲਾ, ਪੰਜਾਬ ਅਤੇ ਪੂਰੇ ਦੇਸ਼ ਦੁਨੀਆਂ ਦੇ ਲੋਕਾਂ ‘ਤੇ ਆਪਣਾ ਆਸ਼ੀਰਵਾਦ ਬਣਾਈ ਰੱਖਣ ਅਤੇ ਹਰ ਘਰ ਵਿੱਚ ਖੁਸ਼ੀਆਂ ਖੇੜੇ ਬਰਕਰਾਰ ਰਹਿਣ ਦੀ ਅਰਦਾਸ ਕੀਤੀ ਹੈ। ਉਹਨਾਂ ਕਿਹਾ ਕਿ ਭਗਵਾਨ ਦੇ ਦਰਸ਼ਨ ਕਰਕੇ ਮਨ ਨੂੰ ਬਹੁਤ ਸਕੂਨ ਮਿਲਿਆ ਹੈ।