ਬੀਬੀਐਨ ਨੈਟਵਰਕ ਪੰਜਾਬ,ਰੋਪੜ ਬਿਊਰੋਂ,14 ਨਵੰਬਰ
ਦੁਨੀਆਂ ਵਿੱਚ ਸਰਕਾਰ ਨੇ ਕਈ ਚੀਜਾਂ ਤੇ ਪਾਬੰਦੀ ਲਗਾ ਰੱਖੀ ਹੈ। ਜਿਸ ਨਾਲ ਮਨੁੱਖੀ ਜੀਵਨ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਹਰ ਸਾਲ ਬਸੰਤ ਪੰਚਮੀਂ ਦੇ ਸਮੇਂ ਚਾਇਨਾ ਡੋਰ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਹ ਡੋਰ ਬਹੁਤ ਹੀ ਘਾਤਕ ਅਤੇ ਜਾਨਲੇਵਾ ਹੁੰਦੀ ਹੈ।ਇਸਨੂੰ ਬੀਤੇ ਸਾਲਾਂ ਚ ਪੂਰੀ ਤਰ੍ਹਾਂ ਗੈਰ—ਕਾਨੂੰਨੀ ਘੋਸ਼ਿਤ ਕੀਤਾ ਗਿਆ ਹੈ। ਪਰ ਫਿਰ ਇਸਨੂੰ ਕਈ ਥਾਵਾਂ ਤੇ ਚੋਰੀ—ਚੋਰੀ ਵੇਚ ਕੁੱਝ ਲੋਕ ਆਮਦਨੀ ਕਰ ਰਹੇ ਹਨ ਅਤੇ ਲੋਕਾਂ ਦੀ ਜਾਨ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਤਾਜ਼ੀ ਮਿਲੀ ਜਾਣਕਾਰੀ ਅਨੁਸਾਰ ਇਹ ਸੂਚਨਾ ਸਾਹਮਣੇ ਆਈ ਹੈ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਚਾਇਨਾ ਡੋਰ ਤੇ ਪਾਬੰਦੀ ਲਾਉਣ ਦੇ ਬਾਵਜੂਦ ਵੀ ਦੁਕਾਨਾਂ ‘ਤੇ ਚਾਇਨਾ ਡੋਰ ਵਿੱਕ ਰਹੀ ਹੈ ਜਿਸ ਦੇ ਫਲਸਰੂਪ ਇੱਕ ਪ੍ਰਵਾਸੀ ਪਰਿਵਾਰ ਦੇ ਘਰ ਦਾ ਚਿਰਾਗ ਬੁੱਝ ਗਿਆ ਹੈ। ਜਾਣਕਾਰੀ ਅਨੁਸਾਰ ਰੂਪਨਗਰ ਦੇ ਨਜ਼ਦੀਕ ਮਾਜਰੀ ਕੋਟਲਾ ਨਿਹੰਗ ਰੋਡ ਤੇ ਬੀਤੀ ਸ਼ਾਮ ਅੱਠਵੀਂ ਕਲਾਸ ਦਾ ਵਿਦਿਆਰਥੀ ਗੁਲਸ਼ਨ ਪੁੱਤਰ ਰਣਜੀਤ ਸਿੰਘ ਦੇਰ ਸ਼ਾਮ ਸਾਇਕਲ ਤੇ ਰੇਲਵੇ ਪੁਲ਼ ਤੇ ਘਰ ਵੱਲ ਨੂੰ ਜਾ ਰਿਹਾ ਸੀ।ਅਚਾਨਕ ਉਸ ਦੇ ਗਲ਼ੇ ਨੂੰ ਚਾਈਨਾ ਡੋਰ (ਪਲਾਸਟਿਕ ਦੀ ਡੋਰ) ਨਾਲ ਕੱਟ ਲੱਗ ਗਿਆ ਸੀ ਜਿਸ ਤੋਂ ਬਾਅਦ ਉਸ ਨੂੰ ਇਕ ਪ੍ਰਾਈਵੇਟ ਹਸਪਤਾਲ ਰੂਪਨਗਰ ਵਿਖੇ ਲਿਆਂਦਾ ਗਿਆ ਅਤੇ ਗਲ਼ੇ ਤੋਂ ਖ਼ੂਨ ਜ਼ਿਆਦਾ ਵਹਿਣ ਕਾਰਨ ਉਸ ਨੂੰ ਡਾਕਟਰਾਂ ਨੇ ਪੀਜੀਆਈ ਰੈਫ਼ਰ ਕਰ ਦਿੱਤਾ ਜਿੱਥੇ ਉਸ ਦੀ ਮੌਤ ਹੋ ਗਈ। ਉੱਧਰ ਹਰਜੀਤ ਸਿੰਘ, ਕੁਲਦੀਪ ਸਿੰਘ, ਨਰਿੰਦਰ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਦਾ ਚਾਇਨਾ ਡੋਰ ਵੇਚਣ ਵਾਲਿਆਂ ‘ਤੇ ਕੋਈ ਡਰ ਨਹੀਂ ਜਦਕਿ ਪ੍ਰਸ਼ਾਸਨ ਚਾਇਨਾ ਡੋਰ ਤੇ ਪਾਬੰਧੀ ਲਾ ਕੇ ਆਪਣਾ ਪੱਲਾ ਝਾੜ ਲੈਦੇ ਹੈ। ਉਨ੍ਹਾਂ ਕਿਹਾ ਕਿ ਅਜਿਹੀ ਖ਼ਤਰਨਾਕ ਡੋਰ ਨੂੰ ਬਣਾਉਣ ਵਾਲੀ ਫੈਕਟਰੀ ਬੰਦ ਕਿਉਂ ਨਹੀਂ ਕੀਤੀ ਜਾਂਦੀ। ਅੱਜ ਇਕ ਗ਼ਰੀਬ ਪਰਿਵਾਰ ਦਾ ਚਿਰਾਗ ਪ੍ਰਸ਼ਾਸਨ ਦੀ ਅਣਗਹਿਲੀ ਨਾਲ ਜਾ ਇਹ ਕਹਿ ਲਈਏ ਕਿ ਪੁਲਿਸ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਬਜ਼ਾਰਾਂ ਚ ਵਿਕ ਰਹੀ ਚਾਇਨਾ ਡੋਰ ਨੇ ਇਕ ਮਾਂ ਦਾ ਪੁੱਤ ਖੋਹ ਲਿਆ।