ਬੀਬੀਐਨ ਨੈਟਵਰਕ ਪੰਜਾਬ,ਲੁਧਿਆਣਾ ਬਿਊਰੋਂ,15 ਨਵੰਬਰ
ਹਰ ਦਿਨ ਅਸੀਂ ਅੱਗ ਲੱਗਣ ਦੀ ਘਟਨਾ ਸੁਣਦੇ ਪੜ੍ਹਦੇ ਅਤੇ ਦੇਖਦੇ ਹਾਂ ਇਹ ਅੱਗ ਕਈ ਕਾਰਣਾਂ ਜਿਵੇਂ ਕਿ ਸ਼ੌਟ ਸਰਕਿਟ ਬਿਜਲੀ ਸਪਲਾਈ ਦਾ ਘਟਣਾ-ਵਧਣਾ ਅਤੇ ਲਾਪਰਵਾਹੀ ਕਰਕੇ ਲੱਗ ਜਾਂਦੀ ਹੈ। ਪਿਛਲੇ ਬੀਤੇ ਦਿਨੀਂ ਪਹਿਲਾਂ ਵੀ ਲੁਧਿਆਣਾ ਦੇ ਵਿੱਚ ਕਿਸੇ ਗੋਦਾਮ ਨੂੰ ਅੱਗ ਲੱਗ ਗਈ ਸੀ। ਜਿਸ ਵਿੱਚ ਕਾਫ਼ੀ ਨੁਕਸਾਨ ਹੋ ਗਿਆ ਸੀ।ਬੀਤੇ ਦਿਨੀਂ ਜਲੰਧਰ ਦੇ ਵਿੱਚ ਖੇਡਾਂ ਦੇ ਸ਼ੋਅਰੂਮ ਨੂੰ ਅੱਗ ਲੱਗ ਗਈ,ਜਿਸ ਵਿੱਚ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਸੀ। ਅੱਜ ਸਵੇਰੇ ਦੀ ਮਿਲੀਂ ਤਾਜ਼ਾ ਜਾਣਕਾਰੀ ਵਿੱਚ ਖ਼ਬਰ ਸਾਹਮਣੇ ਆਈ ਹੈ ਕਿ
ਨਿਊ ਮਾਇਆਪੁਰੀ ਸੁਭਾਸ਼ ਨਗਰ ਗਲੀ ਨੰਬਰ 2 ਇਲਾਕੇ ਵਿਚ ਸਥਿਤ ਉੱਨ ਦੇ ਗੋਦਾਮ ਵਿਚ ਮੰਗਲਵਾਰ ਸਵੇਰੇ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਅੱਗ ਇੰਨੀ ਭਿਆਨਕ ਸੀ ਕਿ ਫਾਇਰ ਬ੍ਰਿਗੇਡ ਦੀ ਟੀਮ ਨੂੰ ਇਸ ਨੂੰ ਬੁਝਾਉਣ ਲਈ ਕਾਫ਼ੀ ਮੁਸ਼ੱਕਤ ਕਰਨੀ ਪਈ। ਖ਼ਬਰ ਲਿਖੇ ਜਾਣ ਤਕ ਅੱਗ ’ਤੇ ਕਾਬੂ ਨਹੀਂ ਪਾਇਆ ਜਾ ਸਕਿਆ ਸੀ।ਮੌਕੇ ’ਤੇ ਥਾਣਾ ਟਿੱਬਾ ਦੀ ਪੁਲਿਸ, ਥਾਣਾ ਡਵੀਜ਼ਨ ਨੰਬਰ ਸੱਤ ਅਤੇ ਬਸਤੀ ਜੋਧੇਵਾਲ ਦੀ ਪੁਲਿਸ ਦੇ ਮੁਖੀ ਟੀਮ ਸਮੇਤ ਪਹੁੰਚ ਚੁੱਕੇ ਸਨ। ਘਟਨਾ ਵਾਲੀ ਜਗ੍ਹਾ ’ਤੇ ਸੈਂਕੜੇ ਲੋਕ ਇਕੱਠੇ ਹੋ ਗਏ। ਪੁਲਿਸ ਟੀਮ ਉਨ੍ਹਾਂ ਨੂੰ ਘਟਨਾ ਵਾਲੀ ਜਗ੍ਹਾ ਤੋਂ ਦੂਰ ਕਰਨ ਵਿਚ ਲੱਗੀ ਹੋਈ ਸੀ। ਫਾਇਰ ਬ੍ਰਿਗੇਡ ਦੀ ਟੀਮ ਹੁਣ ਤੱਕ 10 ਗੱਡੀਆਂ ਦੀ ਵਰਤੋਂ ਕਰ ਚੁੱਕੀ ਹੈ। ਅੱਗ ਲੱਗਣ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸ਼ਹਿਰ ਵਿਚ ਹਾਜ਼ਰੀ ਦੀਆਂ ਕਈ ਫੈਕਟਰੀਆਂ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ।