ਸੋਨੂ ਉੱਪਲ, ਬੀਬੀੇਐਨ ਨੈੱਟਵਰਕ ਪੰਜਾਬ, ਬਰਨਾਲਾ, 15 ਨਵੰਬਰ
ਸਿਵਲ ਹਸਪਤਾਲ ਬਰਨਾਲਾ ਦੇ ਐਮਰਜੈਂਸੀ ਦੀ ਬੈਕ ਸਾਈਡ ਵਾਲਾ ਗੇਟ ਕਰੀਬ 5 ਮਹੀਨੇ ਪਹਿਲਾਂ ਬੰਦ ਕਰ ਦਿੱਤਾ। ਜਿਸ ਕਰਕੇ ਉੱਥੋਂ ਦੇ ਦੁਕਾਨਦਾਰਾਂ ਦਾ ਵਪਾਰ ਬਿਲਕੁਲ ਠੱਪ ਹੋ ਗਿਆ ਹੈ। ਅੱਜ ਦੁਕਾਨਦਾਰਾਂ ਵਲੋਂ ਰੋਸ ਪ੍ਰਦਰਸ਼ਨ ਕਰਦੇ ਹੋਏ ਸੰਘਰਸ਼ ਦੀ ਚਿਤਾਵਨੀ ਦਿੰਦਿਆਂ ਹੇਮਰਾਜ ਗਰਗ, ਰਮੇਸ਼ ਕੁਮਾਰ, ਬਲਵੀਰ ਸ਼ਰਮਾ ਆਦਿ ਨੇ ਕਿਹਾ ਕਿ ਐਮਰਜੈਂਸੀ ਵਾਲਾ ਗੇਟ ਨਕਸ਼ੇ 'ਚ ਖੁੱਲ੍ਹਾ ਹੋਇਆ ਹੈ, ਜਦ ਕਿ ਇਸ ਨੂੰ ਸਿਵਲ ਹਸਪਤਾਲ ਬਰਨਾਲਾ ਵਲੋਂ ਬੰਦ ਕਰ ਦਿੱਤਾ ਗਿਆ ਹੈ। ਜਿਸ ਨਾਲ ਇਥੇ ਗੇਟ ਦੇ ਸਾਹਮਣੇ ਦੋ ਦਵਾਈਆਂ ਦੀਆਂ ਦੁਕਾਨਾਂ, ਲੈਬਾਰਟਰੀਆਂ, ਚਾਹ ਦੀਆਂ ਦੁਕਾਨਾਂ ਤੇ ਹੋਰ ਵਪਾਰ ਵੀ ਹੈ ਜੋ ਕਿ ਇਸ ਗੇਟ ਦੇ ਬੰਦ ਹੋਣ ਨਾਲ ਬਿਲਕੁਲ ਠੱਪ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਸੰਬੰਧੀ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਵੀ ਮੰਗ-ਪੱਤਰ ਦਿੱਤਾ ਹੈ। ਐਸ. ਐਮ. ਓ. ਬਰਨਾਲਾ ਡਾ.
ਤਪਿੰਦਰਜੋਤ ਕੌਸ਼ਲ ਨੂੰ ਵੀ ਇਸ ਸੰਬੰਧੀ ਮਿਲੇ ਹਾਂ ਪਰ ਸਾਡੀ ਮੁਸ਼ਕਿਲ ਦਾ ਕੋਈ ਹੱਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇਸ ਗੇਟ ਦੇ ਅੰਦਰ ਨਸ਼ਾ ਛਡਾਊ ਕੇਂਦਰ ਹੈ। ਜਿਥੋਂ ਕਿ ਨਸ਼ੇੜੀਆਂ ਨੂੰ ਨਸ਼ਾ ਛੱਡਣ ਵਾਲੀਆਂ ਗੋਲੀਆਂ ਮੁਫ਼ਤ ਮਿਲਦੀਆਂ ਹਨ, ਉਹ ਗੋਲੀਆਂ ਗੇਟ ਦੇ ਬਾਹਰ ਭਾਰੀ ਗਿਣਤੀ 'ਚ ਸਵੇਰੇ ਹੀ ਲਾਈਨਾਂ ਲਗਾ ਕੇ ਵੇਚਣ ਲਈ ਖੜ੍ਹੇ ਹੋ ਜਾਂਦੇ ਹਨ। ਇਥੇ ਨਾਲ ਹੀ ਸਰਕਾਰੀ ਸਕੂਲ ਵੀ ਹੈ ਜਿੱਥੇ ਕਿ ਬੱਚਿਆਂ 'ਤੇ ਵੀ ਇਸ ਦਾ ਮਾੜਾ ਪ੍ਰਭਾਵ ਪੈਂਦਾ ਹੈ ਤੇ ਲੁੱਟਾਂ ਖੋਹਾਂ ਦਾ ਡਰ ਵੀ ਹਰ ਸਮੇਂ ਬਣਿਆ ਰਹਿੰਦਾ ਹੈ।ਉਨ੍ਹਾਂ ਪ੍ਰਸ਼ਾਸਨ ਤੇ ਸਿਵਲ ਹਸਪਤਾਲ ਅਧਿਕਾਰੀਆਂ ਤੋਂ ਮੰਗ ਕਰਦਿਆਂ ਕਿਹਾ ਕਿ ਜਲਦ ਇਹ ਗੇਟ ਖੋਲ੍ਹਿਆ ਜਾਵੇ। ਜੇ ਇਹ ਗੇਟ ਨਹੀਂ ਖੋਲ੍ਹਿਆ ਜਾਂਦਾ ਤਾਂ ਉਨ੍ਹਾਂ ਵਲੋਂ ਅਣਮਿਥੇ ਸਮੇਂ ਲਈ ਧਰਨਾ ਲਗਾ ਕੇ ਚੁੱਕਾ ਜਾਮ ਕੀਤਾ ਜਾਵੇਗਾ। ਇਸ ਮੌਕੇ ਗੁਰਜੰਟ ਸਿੰਘ, ਤਰਸੇਮ ਚੰਦ, ਰਾਮ ਪ੍ਰਕਾਸ਼, ਸੁਖਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ। ਇਸ ਮਾਮਲੇ ਸੰਬੰਧੀ ਐਸ. ਐਮ. ਓ. ਬਰਨਾਲਾ ਡਾ. ਰੁਪਿੰਦਰਜੋਤ ਕੌਸ਼ਲ ਨੇ ਕਿਹਾ ਕਿ ਪਹਿਲਾਂ ਇਹ ਗੇਟ ਕਰੀਬ ਡੇਢ ਫੁੱਟ ਖੁੱਲ੍ਹਾ ਹੋਇਆ ਸੀ। ਐਮਰਜੈਂਸੀ ਸਟਾਫ਼ ਵਲੋਂ ਚੋਰੀ ਤੇ ਲੁੱਟਾਂ ਖੋਹਾਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਇਹ ਗੇਟ ਪੱਕੇ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ। ਕਿਉਂਕਿ ਇਸ ਦੀ ਬੈਕਸਾਈਡ 'ਤੇ ਸੈਂਸੀ ਮੁਹੱਲਾ ਹੈ, ਸਾਡੇ ਕੋਲ ਸਕਿਊਰਟੀ ਗਾਰਡਾਂ ਦੀ ਘਾਟ ਹੈ, ਜਿਸ ਦੀ ਕਾਰਨ ਇਹ ਗੇਟ ਬੰਦ ਰੱਖਿਆ ਹੋਇਆ ਹੈ।