ਗੁਰਪ੍ਰੀਤ ਸਿੰਘ ਨੇ 15 ਏਕੜ ਵਿੱਚ ਪਰਾਲੀ ਦੀਆਂ ਗੱਠਾਂ ਬਣਵਾਈਆਂ
ਮੁੱਖ ਖੇਤੀਬਾੜੀ ਅਫਸਰ ਵੱਲੋਂ ਖੇਤਾਂ ਦਾ ਦੌਰਾ, ਅਗਾਂਹਵਧੂ ਕਿਸਾਨਾਂ ਦੀ ਕੀਤੀ ਸ਼ਲਾਘਾ
ਬੀਬੀਐਨ ਨੈਟਵਰਕ ਪੰਜਾਬ,ਬਰਨਾਲਾ ਬਿਊਰੋਂ,14 ਨਵੰਬਰ
ਬਰਨਾਲਾ ਜ਼ਿਲ੍ਹੇ ਵਿੱਚ ਡਿਪਟੀ ਕਮਿਸ਼ਨਰ ਬਰਨਾਲਾ ਡਾ. ਹਰੀਸ਼ ਨਈਅਰ ਦੀ ਅਗਵਾਈ ਹੇਠ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਰਾਲੀ ਦੀ ਸੁਚੱਜੀ ਸੰਭਾਲ ਲਈ ਕਿਸਾਨਾਂ ਨੂੰ ਪ੍ਰੇਰਿਤ ਕਰ ਰਿਹਾ ਹੈ। ਜਿਲ੍ਹਾ ਪ੍ਰਸ਼ਾਸ਼ਨ ਤੇ ਖੇਤੀਬਾੜੀ ਵਿਭਾਗ ਵੱਲੋਂ ਟੀਮਾਂ ਬਣਾ ਕੇ ਲਗਾਤਾਰ ਵੱਖ ਵੱਖ ਪਿੰਡਾਂ ਵਿੱਚ ਦੌਰਾ ਕੀਤਾ ਜਾ ਰਿਹਾ ਹੈ।ਇਸੇ ਲੜੀ ਤਹਿਤ ਮੁੱਖ ਖੇਤੀਬਾੜੀ ਅਫਸਰ ਡਾ. ਵਰਿੰਦਰ ਕੁਮਾਰ ਤੇ ਟੀਮ ਵੱਲੋਂ ਮਹਿਲ ਕਲਾਂ ਬਲਾਕ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ ਹੈ। ਮੁੱਖ ਖੇਤੀਬਾੜੀ ਅਫਸਰ ਬਰਨਾਲਾ ਨੇ ਦੱਸਿਆ ਕਿ ਕਿਸਾਨ ਮੋਹਨਦੀਪ ਸਿੰਘ ਪਿੰਡ ਭੱਦਲਵੱਡ ਨੇ ਆਪਣੇ 18 ਏਕੜ ਵਿੱਚੋਂ 9 ਏਕੜ ਵਿੱਚ ਪਰਾਲੀ ਦੀਆਂ ਗੱਠਾਂ ਬਣਵਾਈਆਂ ਤੇ 9 ਏਕੜ ਵਿੱਚ ਪਰਾਲੀ ਦੀ ਤੂੜੀ ਬਣਵਾ ਕੇ ਜ਼ੀਰੋ ਟਰਿੱਲ ਨਾਲ ਕਣਕ ਦੀ ਬਿਜਾਈ ਕਰ ਰਿਹਾ ਹੈ। ਕਿਸਾਨ ਮੋਹਨਦੀਪ ਸਿੰਘ ਭੱਦਲਵੱਡ ਨੇ ਦੱਸਿਆ ਕਿ ਉਸ ਦਾ ਕੋਈ ਵੀ ਖਰਚਾ ਨਹੀਂ ਹੋਇਆ ਤੇ ਪਰਾਲੀ ਦੀਆਂ ਗੱਠਾਂ ਤੇ ਪਰਾਲੀ ਦੀ ਤੂੜੀ ਮੁਫ਼ਤ ਵਿੱਚ ਬਣਾ ਕੇ ਉਸ ਦੇ ਖੇਤ ਖਾਲੀ ਕੀਤੇ ਗਏ ਹਨ। ਕਿਸਾਨ ਗੁਰਪ੍ਰੀਤ ਸਿੰਘ ਭੱਦਲਵੱਡ ਨੇ ਵੀ ਆਪਣੇ 15 ਏਕੜ ਵਿੱਚ ਪਰਾਲੀ ਦੀਆਂ ਗੱਠਾਂ ਬਣਵਾ ਕੇ ਜ਼ੀਰੋ ਟਰਿੱਲ ਡਰਿੱਲ ਨਾਲ ਕਣਕ ਦੀ ਬਿਜਾਈ ਕੀਤੀ। ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਜ਼ਿਲ੍ਹਾ ਫ਼ਾਜ਼ਿਲਕਾ ਤੋਂ ਨਾਇਬ ਸੈਣੀ ਬੇਲਰ ਮਾਲਕ ਤਕਰੀਬਨ ਇੱਕ ਮਹੀਨੇ ਤੋਂ ਬਰਨਾਲਾ ਦੇ ਵੱਖ ਵੱਖ ਪਿੰਡਾਂ ਮਾਂਗੇਵਾਲ, ਹਮੀਦੀ, ਠੁੱਲੀਵਾਲ, ਹਮੀਦੀ, ਮਨਾਲ, ਭੱਦਲਵੱਡ ਤੇ ਹੋਰ ਪਿੰਡਾਂ ਵਿੱਚ ਪਰਾਲੀ ਦੀਆਂ ਗੱਠਾਂ ਮੁਫ਼ਤ ਬਣਾ ਰਹੇ ਹਨ ਤੇ ਹੁੱਣ ਤੱਕ 25000 ਮੀਟਰਕ ਟਨ ਪਰਾਲੀ ਪੰਜਗਰਾਈੰ ਬਾਇਓਮਾਸ ਪਲਾਂਟ ਨੂੰ ਦੇ ਚੁੱਕੇ ਹਨ। ਸ੍ਰੀ ਨਾਇਬ ਸੈਣੀ ਨੇ ਕਿਹਾ ਕਿ ਉਹ ਬਰਨਾਲਾ ਜ਼ਿਲ੍ਹੇ ਵਿਚ ਮੁਫ਼ਤ ਪਰਾਲੀ ਦੀਆਂ ਗੱਠਾਂ ਬਣਾ ਰਹੇ ਹਨ। ਜੇਕਰ ਕਿਸੇ ਕਿਸਾਨ ਨੇ ਪਰਾਲੀ ਦੀ ਗੱਠਾਂ ਬਣਵਾ ਕੇ ਚੁਕਵਾਉਣੀਆਂ ਹਨ ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ।
ਬਾਕਸ ਲਈ ਪ੍ਰਸਤਾਵਿਤ
ਵਿਦਿਆਰਥੀ ਲਵਪ੍ਰੀਤ ਸਿੰਘ ਨੇ ਕਾਇਮ ਕੀਤੀ ਮਿਸਾਲ
ਖੇਤੀਬਾੜੀ ਵਿਭਾਗ ਵੱਲੋਂ ਸਕੂਲਾਂ ਵਿਚ ਵਿੱਢੀ ਜਾਗਰੂਕਤਾ ਮੁਹਿੰਮ ਬਦੌਲਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲ ਕਲਾਂ ਦੇ ਵਿਦਿਆਰਥੀ ਲਵਪ੍ਰੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਮਹਿਲ ਕਲਾਂ (ਜਮਾਤ ਗਿਆਰਵੀਂ) ਨੇ ਮਿਸਾਲ ਕਾਇਮ ਕੀਤੀ ਹੈ। ਉਸ ਨੇ ਜਾਗਰੂਕਤਾ ਸੈਮੀਨਾਰ ਤੋਂ ਪ੍ਰੇਰਿਤ ਹੋ ਕੇ ਆਪਣੇ ਪਿਤਾ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਆਖਿਆ ਤੇ ਆਪਣੇ ਸਾਢੇ ਚਾਰ ਏਕੜ ਖੇਤ ਵਿੱਚ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਿਆ। ਇਸ ਮੌਕੇ ਮੁੱਖ ਖੇਤੀਬਾਡ਼ੀ ਅਫਸਰ ਡਾ. ਵਰਿੰਦਰ ਕੁਮਾਰ ਨੇ ਵਿਦਿਆਰਥੀ ਲਵਪ੍ਰੀਤ ਸਿੰਘ ਨੂੰ ਸਨਮਾਨਿਤ ਕੀਤਾ ਅਤੇ ਹੋਰਨਾਂ ਬੱਚਿਆਂ ਨੂੰ ਵੀ ਪ੍ਰੇਰਨਾ ਲੈਣ ਦੀ ਅਪੀਲ ਕੀਤੀ।