ਬੀਬੀਐਨ ਨੈਟਵਰਕ ਪੰਜਾਬ,ਬਰਨਾਲਾ ਬਿਊਰੋਂ,15 ਨਵੰਬਰ
ਨਹਿਰੂ ਯੁਵਾ ਕੇਂਦਰ ਬਰਨਾਲਾ, ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਵਲੋਂ ਇੰਟੈਂਸਿਵ ਵਲੰਟੀਅਰ ਐਨਰੋਲਮੈਂਟ ਪ੍ਰੋਗਰਾਮ ਲਾਲ ਬਹਾਦਰ ਸ਼ਾਸਤਰੀ ਆਰੀਆ ਮਹਿਲਾ ਕਾਲਜ ਬਰਨਾਲਾ ਵਿਖੇ ਕਰਵਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਨਹਿਰੂ ਯੁਵਾ ਕੇਂਦਰ ਬਰਨਾਲਾ ਦੇ ਲੇਖਾ ਅਤੇ ਪ੍ਰੋਗਰਾਮ ਸਹਾਇਕ ਰਿਸ਼ਿਵ ਸਿੰਗਲਾ ਨੇ ਦਸਿਆ ਕਿ ਇਸ ਪ੍ਰੋਗਰਾਮ ਦਾ ਉਦੇਸ਼ ਨੌਜਵਾਨਾਂ ਨੂੰ ਰਾਸ਼ਟਰ ਨਿਰਮਾਣ ਦੀ ਪ੍ਰਕਿਰਿਆ ਵਿੱਚ ਹਿੱਸਾ ਲੈਣ ਦੇ ਨਾਲ-ਨਾਲ ਉਨ੍ਹਾਂ ਦੀ ਸ਼ਖਸੀਅਤ ਅਤੇ ਹੁਨਰ ਦੇ ਵਿਕਾਸ ਦੇ ਮੌਕੇ ਪ੍ਰਦਾਨ ਕਰਨਾ ਹੈ। ਇਸ ਪ੍ਰੋਗਰਾਮ ਤਹਿਤ ਉਨ੍ਹਾਂ ਨੌਜਵਾਨਾਂ ਤੱਕ ਨਹਿਰੂ ਯੁਵਾ ਕੇਂਦਰ ਦੀ ਪਹੁੰਚ ਨੂੰ ਵਧਾਉਣਾ ਹੈ ਜੋ ਕਿਸੇ ਯੂਥ ਕਲੱਬ ਦੇ ਮੈਂਬਰ ਨਹੀਂ ਹਨ ਪਰ ਵਲੰਟੀਅਰ ਬਣ ਕੇ ਸੇਵਾ ਕਰਨਾ ਚਾਹੁੰਦੇ ਹਨ।ਉਨ੍ਹਾਂ ਦੱਸਿਆ ਕਿ ਨੌਜਵਾਨਾਂ ਵਿਚ ਸੰਗੀਤ, ਖੇਡਾਂ, ਭਾਸ਼ਣ, ਚਿਤਰਕਲਾ ਆਦਿ ਕਲਾ ਨੂੰ ਨਿਖਾਰਨ ਦਾ ਮੌਕਾ ਦਿੱਤਾ ਜਾਵੇਗਾ ਅਤੇ ਉਨ੍ਹਾਂ ਨੂੰ ਨਹਿਰੂ ਯੁਵਾ ਕੇਂਦਰ ਦੁਆਰਾ ਕਰਵਾਏ ਜਾਂਦੇ ਜ਼ਿਲ੍ਹਾ ਪੱਧਰੀ, ਰਾਜ ਪੱਧਰੀ ਤੇ ਰਾਸ਼ਟਰ ਪੱਧਰ ਦੇ ਪ੍ਰੋਗਰਾਮਾਂ ਵਿਚ ਆਪਣੀ ਕਲਾ ਅਤੇ ਹੁਨਰ ਦਿਖਾਉਣ ਦਾ ਮੌਕਾ ਦਿੱਤਾ ਜਾਵੇਗਾ। ਇਸ ਮੌਕੇ ਨੌਜਵਾਨਾਂ ਨੂੰ ਬੁੱਟੇ ਲਗਾਉਣ, ਖੂਨਦਾਨ, ਸਵੱਛਤਾ, ਆਫ਼ਤ ਪ੍ਰਬੰਧਨ ਆਦਿ ਸਮਾਜ ਭਲਾਈ ਦੇ ਕੰਮਾਂ ਲਈ ਪ੍ਰੇਰਿਤ ਕੀਤਾ ਗਿਆ। ਪ੍ਰਿੰਸੀਪਲ ਡਾ. ਨੀਲਮ ਸ਼ਰਮਾ ਨੇ ਕਿਹਾ ਕਿ ਲਾਲ ਬਹਾਦਰ ਸ਼ਾਸਤਰੀ ਕਾਲਜ ਬਰਨਾਲਾ ਨਹਿਰੂ ਯੁਵਾ ਕੇਂਦਰ ਬਰਨਾਲਾ ਨਾਲ ਪਿਛਲੇ ਲੰਬੇ ਸਮੇਂ ਤੋਂ ਜੁੜਿਆ ਹੋਇਆ ਹੈ ਅਤੇ ਵਿਦਿਆਰਥਣਾਂ ਵਲੋਂ ਨਹਿਰੂ ਯੁਵਾ ਕੇਂਦਰ ਬਰਨਾਲਾ ਦੁਆਰਾ ਕਰਵਾਏ ਜਾਂਦੇ ਵੱਖ ਵੱਖ ਮੁਕਾਬਲਿਆਂ ਵਿਚ ਵੱਧ ਚੜ ਕੇ ਹਿੱਸਾ ਲਿਆ ਜਾਂਦਾ ਹੈ। ਇਸ ਮੌਕੇ ਰਾਸ਼ਟਰੀ ਯੁਵਾ ਵਲੰਟੀਅਰ ਅੰਮ੍ਰਿਤ ਸਿੰਘ, ਬਲਜਿੰਦਰ ਕੌਰ, ਮੈਡਮ ਕਿਰਨ ਸਿਕਰੀ, ਮੈਡਮ ਵੀਰਪਾਲ ਕੌਰ, ਹਰਜੀਤ ਕੌਰ, ਮੋਨਿਕਾ ਆਦਿ ਹਾਜ਼ਰ ਸਨ।