ਵੱਖ-ਵੱਖ ਜ਼ਿਲਿਆਂ ‘ਚ 750 ਤੋਂ ਜ਼ਿਆਦਾ ਖਿਡਾਰੀ ਤੇ ਅਧਿਕਾਰੀ ਭਾਗ ਲੈਣਗੇ
ਬੀਬੀਐਨ ਨੈਟਵਰਕ ਪੰਜਾਬ,ਬਰਨਾਲਾ ਬਿਊਰੋਂ,15 ਨਵੰਬਰ
66ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੇ ਅੰਡਰ 19 ਸਾਲ ਵਾਲੀਬਾਲ (ਕੁੜੀਆਂ/ਮੁੰਡੇ) ਦੇ ਮੁਕਾਬਲੇ 16 ਤੋਂ 20 ਨਵੰਬਰ ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਧਨੌਲਾ ਵਿਖੇ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਬਰਨਾਲਾ ਸਰਬਜੀਤ ਸਿੰਘ ਤੂਰ ਦੀ ਅਗਵਾਈ ਵਿੱਚ ਕਰਵਾਏ ਜਾ ਰਹੇ ਹਨ। ਡੀ.ਐਮ. ਸਪੋਰਟਸ ਬਰਨਾਲਾ ਸਿਮਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਨ੍ਹਾਂ ਖੇਡਾਂ 'ਚ ਪੰਜਾਬ ਦੇ 23 ਜ਼ਿਲ੍ਹਿਆਂ ਅਤੇ ਖੇਡ ਵਿੰਗਾਂ ਵਿੱਚੋਂ ਲੜਕੀਆਂ ਦੀਆਂ 24 ਟੀਮਾਂ ਤੇ ਲੜਕਿਆਂ ਦੀਆਂ 27 ਟੀਮਾਂ ਦੇ 750 ਤੋਂ ਵੱਧ ਖਿਡਾਰੀ, ਕੋਚ, ਟੀਮ ਮੈਨੇਜਰ ਅਤੇ ਟੀਮ ਇੰਚਾਰਜ ਭਾਗ ਲੈ ਰਹੇ ਹਨ। ਖਿਡਾਰੀਆਂ ਲਈ ਰਿਹਾਇਸ਼ ਦਾ ਪ੍ਰਬੰਧ ਧਨੌਲਾ ਦੇ ਵੱਖ–ਵੱਖ ਸਕੂਲ ਵਿੱਚ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਖੇਡਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਬਰਨਾਲਾ ਸਰਬਜੀਤ ਸਿੰਘ ਤੂਰ ਨੇ ਖਿਡਾਰੀਆਂ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਲੋੜੀਂਦੀਆਂ ਹਦਾਇਤਾ ਜਾਰੀ ਕੀਤੀਆਂ।