ਗਦਰੀ ਲਹਿਰ ਦੀ ਵਿਰਾਸਤ ਦੀ ਅੱਜ ਵੀ ਪਰਸੰਗਕ – ਦੱਤ
ਮਹਿਲਕਲਾਂ 16 ਨਵੰਬਰ
ਪਹਿਲੇ ਲਾਹੌਰ ਸਾਜ਼ਿਸ਼ ਕੇਸ ਵਿੱਚ ਬਰਤਾਨਵੀ ਹਕੂਮਤ ਵੱਲੋਂ 16 ਨਵੰਬਰ 2015 ਨੂੰ ਫਾਂਸੀ ਚੜਾਏ ਗਦਰ ਲਹਿਰ ਦੇ ਬਾਲ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਹਨਾਂ ਦੇ ਗ਼ਦਰੀ ਸਾਥੀਆਂ ਵਿਸ਼ਣੂ ਗਣੇਸ਼ ਪਿੰਗਲੇ, ਹਰਨਾਮ ਸਿੰਘ ਸਿਆਲਕੋਟੀ, ਜਗਤ ਸਿੰਘ ਸੁਰਸਿੰਘ, ਬਖ਼ਸ਼ੀਸ਼ ਸਿੰਘ, ਸੁਰੈਣ ਸਿੰਘ ਛੋਟਾ, ਸੁਰੈਣ ਸਿੰਘ ਵੱਡਾ ਦੀ ਯਾਦ 'ਚ 16 ਨਵੰਬਰ ਨੂੰ ਸਰਾਭਾ (ਲੁਧਿਆਣਾ) ਵਿਖੇ ਸ਼ਹੀਦੀ ਸਮਾਗਮ ਵਿੱਚ ਬਰਨਾਲਾ-ਮਹਿਲਕਲਾਂ ਤੋਂ ਸੈਂਕੜੇ ਜੁਝਾਰੂ ਮਰਦ-ਔਰਤਾਂ ਦਾ ਕਾਫਲਾ ਸਰਾਭਾ ਵੱਲ ਰਵਾਨਾ ਹੋਇਆ। ਇਨਕਲਾਬੀ ਕੇਂਦਰ, ਪੰਜਾਬ ਦੇ ਪੑਧਾਨ ਸਾਥੀ ਨਰਾਇਣ ਦੱਤ ਨੇ ਟੋਲ ਪਲਾਜਾ ਮਹਿਲਕਲਾਂ ਵਿਖੇ ਕੁੱਝ ਸਮੇਂ ਲਈ ਰੁਕੇ ਕਾਫਲਿਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇਸ ਸ਼ਹੀਦੀ ਕਾਨਫਰੰਸ ਦੌਰਾਨ ਗ਼ਦਰ ਲਹਿਰ ਦੇ ਕੁਰਬਾਨੀਆਂ ਭਰੇ ਲਾਮਿਸਾਲ ਇਤਿਹਾਸ, ਮਹਾਨ ਉਦੇਸ਼, ਸਾਂਝੀਵਾਲਤਾ ਦੀ ਵਿਰਾਸਤ ਨੂੰ ਯਾਦ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਦੇਸ਼ ਨੂੰ ਬਰਤਾਨਵੀ ਸਾਮਰਾਜੀਆਂ ਤੋਂ ਮੁਕਤ ਕਰਵਾਉਣ ਲਈ ਇਸ ਵੱਡੇ ਤੇ ਲੁਟੇਰੇ ਸਾਮਰਾਜ ਨਾਲ ਟੱਕਰ ਲੈਣ ਵਾਲੀ ਗ਼ਦਰੀ ਇਨਕਲਾਬੀਆਂ ਦੀ ਇਕ ਛੋਟੀ ਜਿਹੀ ਟੁਕੜੀ ਦੇ ਸੰਘਰਸ਼ਾਂ ਦਾ ਇਤਿਹਾਸ ਬੇਮਿਸਾਲ ਕੁਰਬਾਨੀਆਂ ਭਰਿਆ ਹੈ। ਇਤਿਹਾਸ ਦੇ ਉਹਨਾਂ ਮਹਾਨ ਸਪੂਤਾਂ ਦੀਆਂ ਅਮਿੱਟ ਦੇਣਾਂ ਤੇ ਕੁਰਬਾਨੀਆਂ ਦੇ ਸੰਗਰਾਮੀ ਵਿਰਸੇ ਦੀ ਸੱਚੀ ਵਾਰਸ ਮਿਹਨਤਕਸ ਜਮਾਤ ਤਾਂ ਇਸਤੋਂ ਜਾਣੂ ਹੈ ਹੀ, ਦੁਸ਼ਮਣ ਜਮਾਤ ਵੀ ਉਹਨਾਂ ਦੀਆਂ ਕੁਰਬਾਨੀਆਂ ਦਾ ਲੋਹਾ ਮੰਨਦੀ ਹੈ। ਜਿਸਦੀ ਜਿੰਦਾ ਮਿਸਾਲ ਇਹ ਹੈ ਕਿ ਪੂਰੀ ਇੱਕ ਸਦੀ ਦੇ ਅਰਸੇ 'ਚ ਬਰਤਾਨਵੀ ਸਾਮਰਾਜੀਆਂ ਤੇ ਉਹਨਾਂ ਦੇ ਪਿੱਠੂ ਭਾਰਤੀ ਹਾਕਮਾਂ ਨੇ ਕਦੇ ਵੀ ਗ਼ਦਰੀਆਂ ਨੂੰ ਦੇਸ਼ ਭਗਤਾਂ ਵਜੋਂ ਨਹੀਂ ਸਵੀਕਾਰਿਆ। ਬੀਕੇਯੂ ਏਕਤਾ ਡਕੌਂਦਾ ਅਤੇ ਇਨਕਲਾਬੀ ਕੇਂਦਰ ਦੀ ਸਭਨਾਂ ਵਰਗਾਂ ਦੇ ਲੋਕਾਂ ਖਾਸ ਕਰ ਨੌਜਵਾਨ (ਮਰਦ-ਔਰਤਾਂ) ਵੱਡੀ ਗਿਣਤੀ ਵਿੱਚ ਸੈਂਕੜੇ ਸਾਥੀਆਂ ਮੋਟਰਸਾਇਕਲਾਂ ਦਾ ਕਾਫ਼ਲਾ ਸਰਾਭਾ ਵੱਲ ਅਕਾਸ਼ ਗੁੰਜਾਊ ਨਾਹਰੇ( ਗਦਰ ਲਹਿਰ ਦੇ ਸ਼ਹੀਦਾਂ ਨੂੰ - ਲਾਲ ਸਲਾਮ, ਇਨਕਲਾਬ-ਜਿੰਦਾਬਾਦ,ਸਾਮਰਾਜਵਾਦ-ਮੁਰਦਾਬਾਦ,ਗਦਰੀ ਸੂਰਬੀਰਾਂ ਦਾ ਪੈਗਾਮ-ਬਦਲ ਦੇਣਾ ਹੈ ਲੁਟੇਰਾ ਨਿਜਾਮ ਆਦਿ) ਮਾਰਦਾ ਹੋਇਆ ਮਨਜੀਤ ਧਨੇਰ, ਜਗਰਾਜ ਹਰਦਾਸਪੁਰਾ,ਰਜਿੰਦਰ ਪਾਲ, ਖੁਸ਼ਮੰਦਰ ਪਾਲ, ਗੁਰਮੇਲ ਠੁੱਲੀਵਾਲ,ਪਰਮਜੀਤ ਕੌਰ ਜੋਧਪੁਰ ਦੀ ਅਗਵਾਈ'ਚ ਰਵਾਨਾ ਹੋਇਆ।