ਬਰਨਾਲਾ, 17 ਨਵੰਬਰ
ਸਿਵਲ ਵਿਭਾਗ ਬਰਨਾਲਾ ਵੱਲੋੰ ਸਰਵੀਕਲ ਕੈਂਸਰ ਖਿਲਾਫ਼ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਸਿਵਲ ਹਸਪਤਾਲ ਬਰਨਾਲਾ ਵਿਖੇ ਸਮਾਗਮ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਬਰਨਾਲਾ ਡਾ. ਤਪਿੰਦਰਜੋਤ ਕੌਸ਼ਲ ਦੀ ਅਗਵਾਈ ਹੇਠ ਕਰਵਾਇਆ ਗਿਆ। ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਭਾਰਤ 'ਚ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਭਾਵ ਸਰਵੀਕਲ ਕੈਂਸਰ ਦੂਜਾ ਸਭ ਤੋਂ ਆਮ ਕੈਂਸਰ ਹੈ। ਬੱਚੇਦਾਨੀ ਦੇ ਮੂੰਹ ਦਾ ਕੈਂਸਰ ਇੱਕ ਵਾਇਰਸ ਦੇ ਨਾਲ ਹੁੰਦਾ ਹੈ ਜਿਸ ਨੂੰ ਐੱਚਪੀਵੀ (Human papillomavirus) ਕਿਹਾ ਜਾਂਦਾ ਹੈ। ਇਹ ਵਾਇਰਸ ਜਿਨਸੀ ਸਬੰਧ ਸਮੇਂ ਸਰੀਰ 'ਚ ਦਾਖਲ ਹੁੰਦਾ ਹੈ ਅਤੇ ਆਮ ਤੌਰ 'ਤੇ 30 ਤੋਂ 70 ਸਾਲ ਉਮਰ ਦੀਆਂ ਔਰਤਾਂ 'ਚ ਇਸ ਦਾ ਖ਼ਤਰਾ ਬਣਿਆ ਰਹਿੰਦਾ ਹੈ| ਸਿਵਲ ਸਰਜਨ ਬਰਨਾਲਾ ਦੱਸਿਆ ਕਿ ਇਸ ਦੇ ਲੱਛਣਾਂ 'ਚੋਂ ਸਭ ਤੋਂ ਗੰਭੀਰ ਲੱਛਣ ਬੱਚੇਦਾਨੀ 'ਚ ਬਦਬੂਦਾਰ ਪਾਣੀ ਪੈਣਾ ਹੈ। ਮੀਨੋਪੌਜ਼ ਤੋਂ ਬਾਅਦ ਖੂਨ ਪੈਣਾ, ਮਾਹਵਾਰੀ ਤੋਂ ਬਾਅਦ ਇੱਕੋ ਮਹੀਨੇ ਵਿੱਚ ਵਧੇਰੇ ਵਾਰ ਖੂਨ ਪੈਣਾ, ਢਿੱਡ ਦੇ ਹੇਠਲੇ ਹਿੱਸੇ 'ਚ ਦਰਦ ਤੇ ਪੇਸ਼ਾਬ ਨਾਲ ਸਬੰਧਤ ਕੋਈ ਸਮੱਸਿਆ ਹੋਣਾ ਵੀ ਇਸ ਦੇ ਲੱਛਣ ਹੋ ਸਕਦੇ ਹਨ।ਡਾ. ਔਲਖ ਨੇ ਦੱਸਿਆ ਕਿ ਲੱਛਣ ਨਜ਼ਰ ਆਉਣ ਤੋਂ ਪਹਿਲਾਂ ਵੀ ਪੈਪ ਸਮੀਅਰ (Pap smear) ਟੈਸਟ ਰਾਹੀਂ ਇਸ ਦਾ ਪਤਾ ਲਗਾਇਆ ਜਾ ਸਕਦਾ ਹੈ ਅਤੇ ਇਸ ਸਬੰਧੀ ਇਲਾਜ ਲਈ ਵੈਕਸੀਨ ਵੀ ਭਾਰਤ ਵਿੱਚ ਉਪਲੱਬਧ ਹੈ। ਡਾ. ਜੋਤੀ ਕੌਸ਼ਲ ਨੇ ਦੱਸਿਆ ਕਿ ਸਿਵਲ ਹਸਪਤਾਲ ਬਰਨਾਲਾ ਵਿਖੇ ਇਸ ਦੀ ਪਹਿਚਾਣ ਸਬੰਧੀ ਵਿਸ਼ੇਸ਼ ਜਾਂਚ ਕੈਂਪ ਲਗਾਏ ਗਏ। ਇਸ ਜਾਂਚ ਕੈਂਪ ਵਿੱਚ ਸਿਵਲ ਹਸਪਤਾਲ ਬਰਨਾਲਾ ਦੇ ਡਾ. ਈਸ਼ਾ ਗੁਪਤਾ, ਡਾ. ਗਗਨਦੀਪ ਕੌਰ ਸਿੱਧੂ, ਡਾ. ਆਂਚਲ ਕਸ਼ੀਅਪ ਅਤੇ ਡਾ. ਹਿਮਾਨੀ ਸ਼ਰਮਾ ਔਰਤ ਰੋਗਾਂ ਦੇ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ।