ਬੀਬੀਐਨ ਨੈਟਵਰਕ ਪੰਜਾਬ, 17 ਨਵੰਬਰ ਬਰਨਾਲਾ
ਕੇਨ ਕਮਿਸ਼ਨਰ ਪੰਜਾਬ ਡਾ. ਰਾਜੇਸ਼ ਕੁਮਾਰ ਰਹੇਜਾ ਵਲੋਂ ਬਰਨਾਲਾ ਜ਼ਿਲ੍ਹੇ ਦਾ ਪ੍ਰਭਾਵੀ ਦੌਰਾ ਕੀਤਾ ਗਿਆ, ਜਿਸ ਦੌਰਾਨ ਉਨਾਂ ਵੱਲੋਂ ਸਮੂਹ ਸਟਾਫ ਦੀ ਮੀਟਿੰਗ ਕੀਤੀ ਗਈ ਤੇ ਸਮੂਹ ਸਟਾਫ ਨੂੰ ਤਨਦੇਹੀ, ਇਮਾਨਦਾਰੀ ਨਾਲ ਆਪਣਾ ਕੰਮ ਕਰਨ ਦੀਆਂ ਹਦਾਇਤਾਂ ਦਿੱਤੀਆਂ। ਉਸ ਤੋਂ ਬਾਅਦ ਉਹਨਾਂ ਵੱਲੋਂ ਖੇਤੀਬਾੜੀ ਵਿਭਾਗ ਦੀ ਸੁਮੱਚੀ ਟੀਮ ਨਾਲ ਧੌਲਾ, ਧੂਰਕੋਟ ਤੇ ਬਡਬਰ ਪਿੰਡਾਂ ਦਾ ਦੌਰਾ ਕੀਤਾ ਗਿਆ। ਡਾ. ਰਹੇਜਾ ਨੇ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਧੌਲਾ ਵਿਖੇ ਲਗਵਾਏ ਗਏ ਪਰਾਲੀ ਦੇ ਡੰਪ ਦਾ ਦੌਰਾ ਕੀਤਾ ਜਿੱਥੇ ਹੁਣ ਤੱਕ 2700 ਮੀਟਿਰਕ ਟਨ ਪਰਾਲੀ ਸਟੋਰ ਹੋ ਚੁੱਕੀ ਹੈ। ਉਹਨਾਂ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਨੂੰ ਵਧਾਈ ਦਿੰਦਿਆ ਕਿਹਾ ਕਿ ਬਰਨਾਲਾ ਜ਼ਿਲ੍ਹੇ ਵਿੱਚ ਕੋਈ ਬਾਇਓਮਾਸ ਪਲਾਟ ਨਾ ਹੋਣ ‘ਤੇ ਪ੍ਰਸ਼ਾਸਨ ਨੇ ਪਰਾਲੀ ਦਾ ਡੰਪ ਲਗਵਾ ਕੇ ਜ਼ਿਲ੍ਹੇ ਵਿਚਲੀ ਪਰਾਲੀ ਨੂੰ ਸੰਭਾਲ ਕੇ ਪਰਾਲੀ ਨੂੰ ਅੱਗ ਲਗਾਉਣ ਦੇ ਕੇਸਾਂ ਵਿੱਚ ਗਿਰਾਵਟ ਲਿਆਂਦੀ ਹੈ। ਉਹਨਾਂ ਮੁੱਖ ਖੇਤੀਬਾੜੀ ਅਫਸਰ ਦੀ ਸ਼ਲਾਘਾ ਕੀਤੀ ਕਿ ਉਹਨਾਂ ਵੱਲੋਂ ਕਿਸਾਨਾਂ ਵਿੱਚ ਵਿਚਰ ਕੇ ਕਿਸਾਨਾਂ ਨਾਲ ਲਗਾਤਾਰ ਰਾਬਤਾ ਕਾਇਮ ਕੀਤਾ ਗਿਆ ਤੇ ਕਿਸਾਨਾਂ ਨੂੰ ਜਾਗਰੁਕ ਕਰਕੇ ਪਰਾਲੀ ਦਾ ਸੁੱਚਜਾ ਪ੍ਰਬੰਧਨ ਕਰਨ ਲਈ ਪ੍ਰੇਰਿਆ ਗਿਆ।
ਉਹਨਾਂ ਕਿਸਾਨ ਬੂਟਾ ਸਿੰਘ ਪੁੱਤਰ ਭਰਪੂਰ ਸਿੰਘ ਪਿੰਡ ਧੂਰਕੋਟ ਦੇ ਖੇਤ ਦਾ ਦੌਰਾ ਕੀਤਾ ਇਸ ਕਿਸਾਨ ਨੇ ਪਰਾਲੀ ਨੂੰ ਅੱਗ ਨਾ ਲਗਾ ਕੇ 19 ਏਕੜ ਵਿੱਚ 16 ਏਕੜ ਵਿੱਚ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ, 2 ਏਕੜ ਵਿੱਚ ਆਲੂ ਤੇ ਇੱਕ ਏਕੜ ਵਿੱਚ ਸਰੋਂ ਦੀ ਬਿਜਾਈ ਕੀਤੀ। ਕਿਸਾਨ ਭਾਗ ਸਿੰਘ ਪੁੱਤਰ ਹਰਮੇਲ ਸਿੰਘ ਪਿੰਡ ਧੂਰਕੋਟ ਨੇ 16 ਏਕੜ ਵੱਚ ਮਲਚਰ ਤੋਂ ਬਾਅਦ ਸੁਪਰ ਸੀਡਰ ਨਾਲ ਕਰਨ ਦੀ ਬਿਜਾਈ ਕੀਤੀ ਅਤੇ ਕਿਸਾਨ ਮੇਜਰ ਸਿੰਘ ਨੇ 10 ਏਕੜ ਵਿੱਚ ਚੌਪਰ ਤੋਂ ਬਾਅਦ ਆਰ ਐਮ ਬੀ ਪੁਲਾਅ ਦੀ ਵਰਤੋਂ ਕਰਕੇ ਕਣਕ ਦੀ ਬਿਜਾਈ ਕੀਤੀ। ਡਾ. ਰਹੇਜਾ ਨੇ ਕਿਹਾ ਕਿ ਪਿੰਡ ਧੂਰਕੋਟ ਦੇ ਕਿਸਾਨ ਕਾਫੀ ਮਿਹਨਤੀ ਤੇ ਵਾਤਵਰਣ ਪ੍ਰੇਮੀ ਹਨ ਜੋ ਕਿ ਪਰਾਲੀ ਦਾ ਸੁੱਚਜਾ ਪ੍ਰਬੰਧਨ ਕਰ ਰਹੇ ਹਨ। ਇਸ ਤੋਂ ਬਾਅਦ ਉਹਨਾਂ ਕਿਸਾਨ ਹਰਵਿੰਦਰ ਸਿੰਘ , ਪਿੰਡ ਬਡਬਰ ਦੇ ਖੇਤ ਦਾ ਦੌਰਾ ਕੀਤਾ ਜਿਸ ਦਾ ਆਰਗੈਨਿਕ ਫਾਰਮ ਦੇਖ ਕੇ ਉਹ ਬਹੁਤ ਪ੍ਰਭਾਵਿਤ ਹੋਏ, ਇਸ ਫਾਰਮ ਵਿੱਚ ਕਿਸਾਨ ਨੇ 20 ਦੇ ਕਰੀਬ ਫਸਲਾਂ, ਦਾਲਾਂ, ਫਲ ਤੇ ਫਸਲਾਂ ਬੀਜੀਆਂ ਤੇ ਜਿਨ੍ਹਾ ਵਿੱਚ ਦਾਲਾਂ, ਤੇਲਬੀਜ ਫਸਲਾਂ , ਲਸਣ, ਆਲੂ, ਕਲੌਜੀ, ਸੌਫ, ਅਜਵੈਣ, ਅਲਸੀ ਦੀ ਪਰਾਲੀ ਨਾਲ ਮਲਚਿੰਗ ਕੀਤੀ ਗਈ ਹੈ। ਇਸ ਕਿਸਾਨ ਨੇ ਪਰਾਲੀ ਨੂੰ ਅੱਗ ਨਾ ਲਗਾ ਕੇ ਉਸ ਪਰਾਲੀ ਨੂੰ ਮਲਚਿੰਗ ਲਈ ਵਰਤਿਆ ਹੈ, ਜਿਸ ਨਾਲ ਜਿੱਥੇ ਪਾਣੀ ਦੀ ਬਚਤ ਹੋਵੇਗੀ ਉੱਥੇ ਵਾਤਾਵਰਣ ਪ੍ਰਦੂਸ਼ਣ ਮੁਕਤ ਹੋਵੇਗਾ। ਡਾ. ਰਾਹੇਜਾ ਨੇ ਕਿਹਾ ਕਿ ਕਿਸਾਨ ਹਰਵਿੰਦਰ ਸਿੰਘ ਬਹੁਤ ਅਗਾਂਹਵਧੂ ਕਿਸਾਨ ਹੈ, ਜੋ ਕਿ ਹੋਰਨਾਂ ਕਿਸਾਨਾਂ ਲਈ ਵੀ ਮਿਸਾਲ ਹੈ, ਇਸ ਕਿਸਾਨ ਤੋਂ ਹੋਰਨਾਂ ਕਿਸਾਨਾਂ ਨੂੰ ਸਿੱਖਣ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਵੱਧ ਤੋਂ ਵੱਧ ਕਿਸਾਨਾਂ ਨੂੰ ਹਰਵਿੰਦਰ ਸਿੰਘ ਦੇ ਫਾਰਮ ਦੀ ਵਿਜ਼ਟ ਕਰਵਾਈ ਜਾਵੇ ਤਾਂ ਜੋ ਹੋਰ ਕਿਸਾਨ ਵੀ ਇੱਕ ਸਮੇਂ ਵਿੱਚ ਵੱਧ ਫਸਲਾਂ ਲੈ ਕੇ ਵੈਲਯੂ ਐਡੀਸ਼ਨ (ਮੁੱਲ ਵਾਧਾ) ਕਰਕੇ ਆਪਣੇ ਉਤਪਾਦ ਆਪ ਹੀ ਸੇਲ ਕਰਕੇ ਵੱਧ ਮੁਨਾਫਾ ਕਮਾ ਸਕਦੇ ਹਨ।
ਮੁੱਖ ਖੇਤੀਬਾੜੀ ਅਫਸਰ ਬਰਨਾਲਾ ਡਾ. ਵਰਿੰਦਰ ਕੁਮਾਰ ਨੇ ਕਿਹਾ ਕਿ ਕਿਸਾਨ ਹਰਵਿੰਦਰ ਸਿੰਘ ਨੂੰ ਹੋਰਨਾ ਕਿਸਾਨਾਂ ਲਈ ਇੱਕ ਰਿਸੋੋਰਸ ਪਰਸਨ ਦੇ ਤੌਰ ‘ਤੇ ਵੱਖ ਵੱਖ ਪਿੰਡਾਂ ਵਿੱਚ ਭੇਜਿਆ ਜਾਵੇਗਾ, ਕਿਉੰਕਿ ਕਿਸਾਨ ਦੂਸਰੇ ਕਿਸਾਨ ਤੋਂ ਜਲਦੀ ਸਿੱਖਦੇ ਹਨ ਤੇ ਹੋਰ ਕਿਸਾਨ ਵੀ ਹਰਵਿੰਦਰ ਸਿੰਘ ਵਾਂਗ ਬਰਨਾਲਾ ਜ਼ਿਲ੍ਹੇ ਦੀ ਸ਼ਾਨ ਵਧਾਉਣਗੇ। ਇਸ ਸਮੇਂ ਬਰਨਾਲਾ ਦੇ ਬਲਾਕ ਖੇਤੀਬਾੜੀ ਅਫਸਰ ਡਾ. ਸੁਖਪਾਲ ਸਿੰਘ, ਡਾ. ਗੁਰਚਰਨ ਸਿੰਘ, ਡਾ. ਜਰਨੈਲ ਸਿੰਘ, ਡਾ. ਸਤਨਾਮ ਸਿੰਘ ਖੇਤੀਬਾੜੀ ਵਿਕਾਸ ਅਫਸਰ (ਇਨਫੋ), ਸ੍ਰੀ ਬੇਅੰਤ ਸਿੰਘ ਤਕਨੀਸ਼ੀਨ ਗਰੇਡ —1, ਸ੍ਰੀ ਮੱਖਣ ਲਾਲ ਖੇਤੀਬਾੜੀ ਸਬ ਇੰਸਪੈਕਟਰ ਹਾਜ਼ਰ ਸਨ।