ਬੀਬੀਐਨ ਨੈਟਵਰਕ ਪੰਜਾਬ, 17 ਨਵੰਬਰ ਬਰਨਾਲਾ
ਮਗਨਰੇਗਾ ਤਹਿਤ ਨਵੇਂ ਜੌਬ ਕਾਰਡ ਬਣਾਉਣ ਲਈ ਪੰਜਾਬ ਭਰ ‘ਚ ਲਾਏ ਜਾ ਰਹੇ ਬਲਾਕ ਪੱਧਰੀ ਕੈਂਪਾਂ ਦੀ ਲੜੀ ਵਿੱਚ ਜ਼ਿਲ੍ਹਾ ਬਰਨਾਲਾ ਵਿਖੇ 18 ਅਤੇ 19 ਨਵੰਬਰ ਨੂੰ ਬਲਾਕ ਪੱਧਰ ‘ਤੇ ਬੀਡੀਪੀਓ ਦਫਤਰਾਂ ‘ਚ ਨਵੇਂ ਜੌਬ ਕਾਰਡ ਬਣਾਉਣ ਲਈ ਕੈਂਪ ਲਗਾਏ ਜਾਣਗੇ। ਇਹ ਜਾਣਕਾਰੀ ਦਿੰਦਿਆ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਪਰਮਵੀਰ ਸਿੰਘ ਆਈ.ਏ.ਐਸ. ਵੱਲੋਂ ਦੱਸਿਆ ਗਿਆ ਕਿ 18 ਸਾਲ ਤੋਂ ਵੱਧ ਉੱਮਰ ਦਾ ਕੋਈ ਵੀ ਵਿਅਕਤੀ ਜੋ ਮਗਨਰੇਗਾ ਸਕੀਮ ਅਧੀਨ ਕੰਮ ਕਰਨ ਦਾ ਚਾਹਵਾਨ ਹੋਵੇ, ਆਪਣੀ ਇੱਕ ਫੋਟੋ, ਆਧਾਰ ਕਾਰਡ ਦੀ ਕਾਪੀ, ਬੈਂਕ ਖਾਤੇ ਦੀ ਕਾਪੀ ਲੈ ਕੇ ਇਹਨਾਂ ਕੈਂਪਾ ਵਿੱਚ ਜੌਬ ਕਾਰਡ ਲਈ ਇਨਰੋਲਮੈਂਟ ਕਰਵਾ ਸਕਦਾ ਹੈ, ਇਹ ਸਿਰਫ ਪੇਂਡੂ ਖੇਤਰ ਲਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਦੇ ਤਿੰਨਾਂ ਬਲਾਕਾਂ ਬਰਨਾਲਾ, ਮਹਿਲ ਕਲਾਂ ਅਤੇ ਸ਼ਹਿਣਾ ਵਿੱਚ 18 ਅਤੇ 19 ਨਵੰਬਰ ਨੂੰ ਲੱਗਣ ਵਾਲੇ ਕੈਂਪਾਂ ਵਿੱਚ ਮੌਕੇ ‘ਤੇ ਹੀ ਮਗਨਰੇਗਾ ਜਾਬ ਕਾਰਡ ਲਈ ਫਾਰਮ ਭਰੇ ਜਾਣਗੇ। ਉਨ੍ਹਾਂ ਨੇ ਇਹਨਾਂ ਬਲਾਕਾਂ ਵਿੱਚ ਪਿੰਡਾਂ ਦੇ ਯੋਗ ਉਮੀਦਵਾਰਾਂ ਨੂੰ ਆਪਣੇ ਲੋੜੀਂਦੇ ਦਸਤਾਵੇਜ਼ ਨਾਲ ਲਿਆ ਕੇ ਕੈਂਪਾਂ ਦਾ ਲਾਭ ਲੈਣ ਦਾ ਸੱਦਾ ਦਿੱਤਾ।