ਬਰਨਾਲਾ, 18 ਨਵੰਬਰ
ਵਾਤਾਵਰਣ ਅਤੇ ਮਨੁੱਖੀ ਸਿਹਤ ਦੀ ਸੁਰੱਖਿਆ ਲਈ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨ ਵਾਸਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਬਰਨਾਲਾ ਵੱਲੋਂ ਡਿਪਟੀ ਕਮਿਸ਼ਨਰ ਡਾ. ਹਰੀਸ਼ ਨਈਅਰ ਦੀ ਅਗਵਾਈ ਹੇਠ ਮੌਜੂਦਾ ਸੀਜ਼ਨ ’ਚ ਵੱਡੇ ਪੱਧਰ ’ਤੇ ਮੁਹਿੰਮ ਚਲਾਈ ਗਈ, ਜਿਸ ਨੂੰ ਬੂਰ ਵੀ ਪਿਆ ਹੈ। ਖੇਤੀਬਾੜੀ ਅਫਸਰ ਬਰਨਾਲਾ ਡਾ. ਵਰਿੰਦਰ ਕੁਮਾਰ ਨੇ ਦੱਸਿਆ ਕਿ ਇਸ ਵਾਰ ਜ਼ਿਲ੍ਹੇ ਦੇ ਵੱਡੀ ਗਿਣਤੀ ਕਿਸਾਨਾਂ ਨੇ ਝੋਨੇ ਦੀ ਪਰਾਲੀ ਦਾ ਵਾਤਾਵਰਣ ਪੱਖੀ ਨਿਬੇੜਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਬਲਾਕ ਬਰਨਾਲਾ ਦੇ ਪਿੰਡ ਮਾਂਗੇਵਾਲ ਦਾ ਕੁੱਲ ਰਕਬਾ 1630 ਏਕੜ ਦੇ ਕਰੀਬ ਹੈ, ਜਿਸ ਵਿਚੋੋਂ 1400 ਏਕੜ ਵਿਚ ਕਿਸਾਨ ਝੋਨਾ ਲਾਉਂਦੇ ਹਨ ਤੇ 230 ਏਕੜ ਵਿਚ ਹਰਾ ਚਾਰਾ ਤੇ ਸਬਜ਼ੀਆਂ ਆਦਿ ਲਾਉਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ ਮਾਂਗੇਵਾਲ ਦੇ ਕਿਸਾਨਾਂ ਨੇ ਕਰੀਬ 1000 ਏਕੜ ਰਕਬੇ ਵਿਚ ਪਰਾਲੀ ਦੀਆਂ ਗੱਠਾਂ ਬਣਵਾਈਆਂ ਹਨ, ਜਦੋਂਕਿ ਪਹਿਲਾਂ ਕਿਸਾਨ ਪਰਾਲੀ ਨੂੰ ਅੱਗ ਲਾਉਂਦੇ ਸਨ। ਇਸ ਮੌਕੇ ਪਿੰਡ ਦੀ ਸਰਪੰਚ ਸ੍ਰੀਮਤੀ ਦੀਸਾ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਕਿਸਾਨ ਅਗਾਂਹਵਧੂ ਹਨ ਤੇ ਕਈ ਕਿਸਾਨਾਂ ਨੇ ਪਰਾਲੀ ਨੂੰ ਸਬਜ਼ੀਆਂ ਆਦਿ ਲਈ ਖਾਦ ਵਜੋਂ ਵੀ ਵਰਤਿਆ ਹੈ, ਜੋ ਬੇਹੱਦ ਸ਼ਲਾਘਾਯੋਗ ਹੈ।
ਇਸ ਮੌਕੇ ਮਾਂਗੇਵਾਲ ਦੇ ਕਿਸਾਨ ਹਰਬੰਸ ਸਿੰਘ, ਰਾਜਪਾਲ ਸਿੰਘ, ਗੁਰਵਿੰਦਰ ਸਿੰਘ, ਰਾਜਵੀਰ ਸਿੰਘ ਤੇ ਕੇਸਰ ਖਾਨ ਆਦਿ ਨੇ ਹੋਰਨਾਂ ਪਿੰਡਾਂ ਦੇ ਕਿਸਾਨਾਂ ਨੂੰ ਵੀ ਸਾਂਝੇ ਉਦਮਾਂ ਨਾਲ ਪਰਾਲੀ ਦੇ ਵਾਤਾਵਰਣ ਪੱਖੀ ਨਿਬੇੜੇ ਦੀ ਅਪੀਲ ਕੀਤੀ।