ਬਿਜਲੀ ਅਧਿਕਾਰੀਆਂ ਨੇ ਸਾਬਕਾ ਸਰਪੰਚ ਖਿਲਾਫ਼ ਕਰਵਾਈ ਸਿਕਾਇਤ ਦਰਜ
ਬੀਬੀਐਨ ਨੈੱਟਵਰਕ ਪੰਜਾਬ, ਮਹਿਲ ਕਲਾਂ
ਸਥਾਨਕ ਕਸਬਾ ਮਹਿਲ ਕਲਾਂ ਵਿਖੇ ਸਥਾਪਤ ਸਬ ਡਿਵੀਜ਼ਨ ਗਰਿੱਡ ਮਹਿਲ ਕਲਾਂ ਵਿਖੇ ਇੱਕ ਕਿਸਾਨ ਵੱਲੋਂ ਪਰਾਲੀ ਦੀਆਂ ਗੱਠਾਂ ਛਿੱਟ ਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੇ ਜਾਣ ਦੀ ਸਿਕਾਇਤ ਬਿਜਲੀ ਅਧਿਕਾਰੀਆਂ ਵੱਲੋਂ ਪੁਲਿਸ ਥਾਣਾ ਮਹਿਲ ਕਲਾਂ ਵਿਖੇ ਦਰਜ ਕਰਵਾਈ ਗਈ। ਫਾਈਰ ਬਿ੍ਗੇਡ ਦੀ ਮੱਦਦ ਨਾਲ ਬਿਜਲੀ ਕਾਮਿਆਂ ਨੇ ਅੱਗ ਤੇ ਕਾਬੂ ਪਾਇਆ। ਇਸ ਅੱਗ ਦੀ ਲਪੇਟ ਨਾਲ 16 ਤੋਂ ਵੱਧ ਫੀਡਰਾਂ ਦੀ ਸਪਲਾਈ ਪ੍ਰਭਾਵਿਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉੱਪ ਮੁੱਖ ਇੰਜੀਨੀਅਰ ਤੇਜ ਬਾਂਸਲ, ਐਕਸੀਅਨ ਬਰਨਾਲਾ ਬੇਅੰਤ ਸਿੰਘ, ਮੁੱਖ ਐਕਸੀਅਨ ਅਰਸਦੀਪ ਸਿੰਘ ਅਤੇ ਐਸਡੀਓ ਮਹਿਲ ਕਲਾਂ ਨਿਤੀਨ ਕੁਮਾਰ ਨੇ ਦੱਸਿਆ ਕਿ ਸਾਬਕਾ ਸਰਪੰਚ ਹਰਭੁਪਿੰਦਰਜੀਤ ਸਿੰਘ ਨੇ ਸਵੇਰੇ 10 ਵਜੇ ਦੇ ਕਰੀਬ ਆਪਣੇ ਖੇਤ ਵਿੱਚੋਂ ਪਰਾਲੀ ਦੀਆਂ ਗੱਠਾਂ ਬਿਜਲੀ ਦੇ ਖੰਬਿਆਂ ਥੱਲੇ ਰੱਖ ਦਿੱਤੀਆਂ, ਤੇ ਬਾਅਦ ਵਿੱਚ ਅੱਗ ਲਗਾ ਦਿੱਤੀ। ਫਾਇਰ ਬਿ੍ਗੇਡ ਦੀ ਮੱਦਦ ਨਾਲ ਅੱਗ ਤੇ ਕਾਬੂ ਪਾਇਆ ਗਿਆ ਤੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ।
ਉਹਨਾਂ ਦੱਸਿਆ ਕਿ 16 ਤੋਂ ਵੱਧ ਫੀਡਰ ਇਸ ਅੱਗ ਨਾਲ ਪ੍ਰਭਾਵਿਤ ਹੋਏ ਹਨ ਤੇ ਖੇਤੀ ਸੈਕਟਰ ਅਤੇ ਸਹਿਰੀ ਖੇਤਰ ਵਿੱਚ ਬਿਜਲੀ ਸਪਲਾਈ ਬੰਦ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਜੇਕਰ ਅੱਗ ਤੇ ਕਾਬੂ ਨਾ ਪੈਦਾ ਤਾਂ ਹੋਰ ਵੱਡਾ ਨੁਕਸਾਨ ਹੋ ਸਕਦਾ ਸੀ। ਇਸ ਸਬੰਧੀ ਪੁਲਿਸ ਥਾਣਾ ਮਹਿਲ ਕਲਾਂ ਦੇ ਮੁੱਖ ਅਫਸਰ ਕਮਲਜੀਤ ਸਿੰਘ ਗਿੱਲ ਨੇ ਮੌਕੇ ਤੇ ਪੁੱਜ ਕੇ ਘਟਨਾ ਦਾ ਜਾਇਜਾ ਲਿਆ ਹੈ। ਪਾਵਰਕਾਮ ਵੱਲੋਂ ਸਾਬਕਾ ਸਰਪੰਚ ਖਿਲਾਫ਼ ਗਰਿੱਡ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਤਹਿਤ ਮਾਮਲਾ ਦਰਜ ਕਰਨ ਲਈ ਸਿਕਾਇਤ ਦਰਜ ਕਰਵਾਈ ਗਈ ਹੈ ਤਾਂ ਜੋ ਅੱਗੇ ਤੋਂ ਕੋਈ ਅਜਿਹੀ ਘਟਨਾ ਨਾ ਹੋਵੇ। ਇਸ ਸਬੰਧੀ ਐਸਐਚਓ ਮਹਿਲ ਕਲਾਂ ਕਮਲਜੀਤ ਸਿੰਘ ਗਿੱਲ ਨੇ ਕਿਹਾ ਕਿ ਬਿਜਲੀ ਅਧਿਕਾਰੀਆਂ ਵੱਲੋਂ ਗਰਿੱਡ ਨੂੰ ਅੱਗ ਲਾਉਣ ਸਬੰਧੀ ਸਿਕਾਇਤ ਮਿਲੀ ਹੈ, ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਸਬੰਧੀ ਸੰਪਰਕ ਕਰਨ ਹਰਭੁਪਿੰਦਰ ਜੀਤ ਸਿੰਘ ਲਾਡੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਉਨ੍ਹਾਂ ਵੱਲੋਂ ਪਰਾਲੀ ਦੀਆਂ ਗੱਠਾ ਬਣਾਈਆਂ ਸਨ। ਮੇਰੇ ਖੇਤ ਚ ਬਿਜਲੀ ਬੋਰਡ ਦੇ ਖੰਭੇ ਲੱਗੇ ਹੋਏ ਹਨ। ਪਰਾਲੀ ਨੂੰ ਅੱਗ ਉਨ੍ਹਾਂ ਵੱਲੋਂ ਨਹੀਂ ਲਗਾਈ ਗਈ ਬਲਕਿ ਸਾਰਟ ਸਰਕਟ ਨਾਲ ਲੱਗੀ ਹੈ।