ਬੀਬੀਐੱਨ ਨੈੱਟਵਰਕ ਪੰਜਾਬ,ਬਿਉਰੋ, 20 ਨਵੰਬਰ ਬਰਨਾਲਾ
ਪੰਜਾਬ ਸਰਕਾਰ ਹੁਕਮਾਂ ਦੀ ਪਾਲਣਾ ਕਰਦਿਆਂ ਹੋਇਆਂ, ਸੰਗਰੂਰ ਪੁਲਿਸ ਦੇ ਵੱਲੋਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰਨ ਵਾਲੇ ਅਧਿਆਪਕਾਂ ਉਤੇ ਮਾਮਲਾ ਦਰਜ ਕੀਤਾ ਗਿਆ ਹੈ। ਇਹ FIR ਸੰਗਰੂਰ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਦਾ ਘਿਰਾਓ ਕਰਨ ‘ਤੇ ਦਰਜ ਕੀਤੀ ਗਈ ਹੈ। ਇਨਕਲਾਬੀ ਕੇਂਦਰ, ਪੰਜਾਬ ਦੇ ਪੑਧਾਨ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ
ਘਿਰਾਓ ਦੀ ਅਗਵਾਈ ਕਰਨ ਵਾਲੇ ਡੀ.ਟੀ.ਐੱਫ਼. ਪੰਜਾਬ ਜ਼ਿਲ੍ਹਾ ਇਕਾਈ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਲੌਂਗੋਵਾਲ ਅਤੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਦਾਤਾ ਸਿੰਘ ਨਮੋਲ ਦੀਆਂ ਅਧਿਆਪਕਾਂ ਦੀ ਬਦਲੀਆਂ ਦੂਜੇ ਜ਼ਿਲ੍ਹਿਆਂ ਵਿੱਚ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਸਰਕਾਰ ਦੀ ਇਸ ਤਾਨਾਸ਼ਾਹੀ ਕਾਰਵਾਈ ਮਿਹਨਤਕਸ਼ ਲੋਕਾਂ ਦੇ ਹੱਕਾਂ/ਹਿੱਤਾਂ ਲਈ ਲਿਖਣ, ਬੋਲਣ ਜਥੇਬੰਦ ਹੋਣ ਤੋਂ ਸੰਘਰਸ਼ ਦੇ ਜਮਹੂਰੀ ਹੱਕ ਉੱਪਰ ਹਮਲਾ ਹੈ। ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇੱਕ ਪਾਸੇ ਲੋਕਾਂ ਦੇ ਬੁਨਿਆਦੀ ਮਸਲਿਆਂ ਨੂੰ ਵਿਸਾਰ ਰਹੀ ਹੈ ਤੇ ਦੂਜੇ ਪਾਸੇ ਆਪਣੇ ਹੱਕਾਂ ਲਈ ਜੂਝਣ ਵਾਲੇ ਆਗੂਆਂ ਨੂੰ ਹਕੂਮਤੀ ਜਬਰ ਦਾ ਨਿਸ਼ਾਨਾ ਬਣਾਕੇ ਇਨ੍ਹਾਂ ਨੂੰ ਕੁਚਲਣ ਦੇ ਰਾਹ ਪੈ ਤੁਰੀ ਹੈ। ਇਨਕਲਾਬੀ ਕੇਂਦਰ ਦੇ ਆਗੂਆਂ ਮੁਖਤਿਆਰ ਪੂਹਲਾ ਅਤੇ ਜਗਜੀਤ ਲਹਿਰਾ ਮੁਹੱਬਤ ਨੇ ਸਿੱਖਿਆ ਵਿਭਾਗ (ਪੰਜਾਬ ਸਰਕਾਰ) ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਕਿਹਾ ਕਿ ਅਫਸਰਸ਼ਾਹੀ/ਹਕੂਮਤ ਦਾ ਅਜਿਹਾ ਜਾਬਰ ਰਵੱਈਆ ਸੰਘਰਸ਼ਾਂ ਦੀ ਅਗਵਾਈ ਕਰਨ ਵਾਲੇ ਆਗੂਆਂ ਦੇ ਹੌਸਲਿਆਂ ਨੂੰ ਪਸਤ/ਦਹਿਸ਼ਤਜਦਾ ਨਹੀਂ ਕਰ ਸਕਣਗੇ। ਆਗੂਆਂ ਨੇ ਸਭਨਾਂ ਇਨਸਾਫ਼ ਪਸੰਦ ਜਮਹੂਰੀ ਤਾਕਤਾਂ ਨੂੰ ਚੇਤੰਨ ਜਥੇਬੰਦਕ ਤਾਕਤ ਨਾਲ ਇੱਕਜੁਟ ਹੋਕੇ ਜਵਾਬ ਦੇਣ ਦਾ ਸੱਦਾ ਦਿੱਤਾ ਹੈ।