ਬੀਬੀਐਨ ਨੈਟਵਰਕ ਪੰਜਾਬ,ਮੋਗਾ ਬਿਊਰੋਂ,21 ਨਵੰਬਰ
ਪੰਜਾਬ ਚ ਹਰ ਦਿਨ ਆਤਮ—ਹੱਤਿਆਵਾਂ,ਕਤਲ ਆਦਿ ਦੇ ਕਈ ਮਾਮਲੇ ਦੇਖਣ ਨੂੰ ਮਿਲ ਹੀ ਰਹੇ ਹਨ। ਇਹਨਾਂ ਦਾ ਕਾਰਣ ਹਨ ਜਿਵੇਂ ਕਿ ਘਰੇਲੂ ਝਗੜਾ,ਆਪਸੀ ਤੂੰ—ਤੂੰ,ਮੈਂ—ਮੈਂ ਆਦਿ ਕਰਕੇ ਕਈ ਵਾਰ ਇਹ ਝਗੜੇ ਲੜਾਈ ਝਗੜੇ ਤੋਂ ਕੁੱਟਮਾਰ ਤੱਕ ਪਹੁੰਚ ਜਾਂਦੇ ਹਨ। ਕੁੱਟਮਾਰ ਤੋਂ ਬਾਅਦ ਇਹ ਮੌਤ ਤੱਕ ਪਹੁੰਚ ਜਾਂਦੇ ਹਨ।ਜਿਸ ਵਿੱਚ ਲੜਾਈ ਦੇ ਦੌਰਾਨ ਕਈ ਤੇਜ਼ਧਾਰ ਹਥਿਆਰਾਂ ਦਾ ਇਸਤੇਮਾਲ ਵੀ ਕੀਤਾ ਜਾਂਦਾ ਹੈ। ਇਸ ਤਰ੍ਹਾਂ ਦੀ ਤਾਜ਼ਾ ਘਟਨਾ ਸਾਹਮਣੇ ਆ ਰਹੀ ਹੈ। ਜਿਸ ਵਿੱਚ
ਮੋਗਾ ਚ ਬੀਤੀ ਰਾਤ ਚੱਕੀ ਵਾਲੀ ਗਲੀ ਵਿਚ ਇਕ ਵਿਅਕਤੀ ਵੱਲੋਂ ਆਪਣੀ ਪਤਨੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾਂ ਦਾ ਪਤੀ ਗੋਲੀਆਂ ਅਤੇ ਨਸ਼ੇ ਕਰਨ ਦਾ ਆਦੀ ਸੀ ਅਤੇ ਨਸ਼ੇ ਕਾਰਨ ਹੀ ਘਰ ਵਿਚ ਹਰ ਰੋਜ਼ ਲੜਾਈ ਝਗੜਾ ਰਹਿੰਦਾ ਸੀ। ਬੀਤੀ ਰਾਤ ਵੀ ਉਸ ਦਾ ਆਪਣੀ ਪਤਨੀ ਨਾਲ ਕਿਸੇ ਗੱਲੋਂ ਝਗੜਾ ਹੋ ਗਿਆ। ਝਗੜਾ ਇਸ ਕਦਰ ਵਧ ਗਿਆ ਕਿ ਨਸ਼ੇੜੀ ਪਤੀ ਪਰਮਜੀਤ ਸਿੰਘ ਨੇ ਪਹਿਲਾਂ ਆਪਣੀ ਪਤਨੀ ਉੱਪਰ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਅਤੇ ਜਦੋਂ ਦਾਤਰ ਟੁੱਟ ਗਿਆ ਤਾਂ ਉਸ ਨੇ ਰੋਟੀਆਂ ਬਣਾਉਣ ਵਾਲੇ ਤਵੇ ਨਾਲ ਸਿਰ ਤੇ 10 —12 ਵਾਰ ਕੀਤੇ ਅਤੇ ਪਤਨੀ ਨੂੰ ਮਾਰ ਕੇ ਖੁਦ ਥਾਣੇ ਚਲਿਆ ਗਿਆ।ਇਸ ਮੌਕੇ ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਉਹਨਾਂ ਦੇ ਘਰ ਹਰ ਰੋਜ਼ ਲੜਾਈ ਝਗੜਾ ਰਹਿੰਦਾ ਸੀ। ਮ੍ਰਿਤਕ ਨੀਲਮ ਕੌਰ ਦੇ ਪਤੀ ਪਰਮਜੀਤ ਸਿੰਘ ਨੇ ਆਪਣੀ ਪਤਨੀ ਨੂੰ ਰੋਟੀਆਂ ਬਣਾਉਣ ਵਾਲੇ ਤਵੇ ਨਾਲ ਵਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ, ਅਤੇ ਬਾਅਦ ਵਿਚ ਖੁਦ ਥਾਣੇ ਜਾ ਕੇ ਉਸ ਨੇ ਕੀਤੇ ਹੋਏ ਕਤਲ ਸਬੰਧੀ ਦੱਸਿਆ। ਇਸ ਮੌਕੇ ਮ੍ਰਿਤਕ ਦੀ ਸੱਸ ਨੇ ਦੱਸਿਆ ਕਿ ਮੇਰਾ ਮੁੰਡਾ ਨਸ਼ੇ ਦਾ ਆਦੀ ਹੈ, ਜਿਸ ਕਾਰਨ ਉਸ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਦੱਸ ਦੇਈਏ ਕਿ ਮ੍ਰਿਤਕ ਦੇ ਦੋ ਮੁੰਡੇ ਹਨ। ਇਸ ਘਟਨਾ ਤੋਂ ਬਾਅਦ ਇਲਾਕੇ ਚ ਸਹਿਮ ਦਾ ਮਾਹੌਲ ਹੈ। ਇਸ ਘਟਨਾ ਦਾ ਪਤਾ ਲੱਗਦੇ ਹੀ ਥਾਣਾ ਮੁਖੀ ਦਲਜੀਤ ਸਿੰਘ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਚ ਜੁੱਟ ਗਈ ਹੈ।